ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਮਰਦ 65 ਕਿੱਲੋਗ੍ਰਾਮ ਵਰਗ ‘ਚ ਓਲੰਪਿਕ ਮੈਡਲ ਜੇਤੂ ਭਲਵਾਨ ਬਜਰੰਗ ਪੂਨੀਆ ਨੇ ਪੁਏਰਟੋ ਰਿਕੋ ਦੇ ਸੇਬਾਸਟੀਅਨ ਸੀ ਰਿਵੇਰਾ ਨੂੰ 11-9 ਨਾਲ ਹਰਾ ਕੇ ਕਾਂਸੇ ਦਾ ਮੈਡਲ ਆਪਣੇ ਨਾਂ ਕੀਤਾ। ਉਹ ਇਸ ਚੈਂਪੀਅਨਸ਼ਿਪ ‘ਚ ਚਾਰ ਮੈਡਲ ਜਿੱਤਣ ਵਾਲੇ ਇੱਕੋ ਇਕ ਭਾਰਤੀ ਭਲਵਾਨ ਹਨ। ਬਜਰੰਗ ਇਸ ਤੋਂ ਪਹਿਲਾਂ 2018 ‘ਚ ਸਿਲਵਰ ਜਦਕਿ 2013 ਤੇ 2019 ‘ਚ ਕਾਂਸੇ ਦਾ ਮੈਡਲ ਆਪਣੇ ਨਾਂ ਕਰ ਚੁੱਕੇ ਹਨ। ਇੰਡੀਆ ਦਾ ਇਸ ਚੈਂਪੀਅਨਸ਼ਿਪ ‘ਚ ਇਹ ਦੂਜਾ ਮੈਡਲ ਹੈ। ਬਜਰੰਗ ਤੋਂ ਪਹਿਲਾਂ ਮਹਿਲਾ ਭਲਵਾਨ ਵਿਨੇਸ਼ ਫੋਗਾਟ (53 ਕਿੱਲੋਗ੍ਰਾਮ) ਨੇ ਵੀ ਕਾਂਸੇ ਦਾ ਮੈਡਲ ਜਿੱਤਿਆ ਸੀ। ਇਸ ਸਾਲ ਬਰਮਿੰਘਮ ਰਾਸ਼ਟਰਮੰਲ ਖੇਡਾਂ ‘ਚ ਗੋਲਡ ਮੈਡਲ ਜਿੱਤਣ ਵਾਲੇ ਬਜਰੰਗ ਸਿਰ ‘ਚ ਸੱਟ ਕਾਰਨ ਪੱਟੀ ਬੰਨ੍ਹ ਕੇ ਖੇਡਣ ਉਤਰੇ ਸਨ। ਉਹ ਹਾਲਾਂਕਿ ਇਸ ਮੈਚ ‘ਚ 0-6 ਨਾਲ ਪਿੱਛੇ ਚੱਲ ਰਹੇ ਸਨ ਪਰ ਭਾਰਤੀ ਭਲਵਾਨ ਨੇ ਫਿਰ ਸ਼ਾਨਦਾਰ ਵਾਪਸੀ ਕੀਤੀ ਤੇ 11 ਅੰਕ ਜਿੱਤੇ ਜਦਕਿ ਉਨ੍ਹਾਂ ਦਾ ਵਿਰੋਧੀ ਇਸ ਤੋਂ ਬਾਅਦ ਤਿੰਨ ਅੰਕ ਹੀ ਹਾਸਲ ਕਰ ਸਕਿਆ।