ਦੋ ਗਰੈਂਡਸਲੈਮ ਚੈਂਪੀਅਨ ਪਿਛਲੇ ਚਾਰ ਦਹਾਕੇ ਤੋਂ ਵੱਧ ਸਮੇਂ ਦੌਰਾਨ ਪਹਿਲੀ ਵਾਰ ਮੁਕਾਬਲੇ ‘ਚ ਆਹਮੋ-ਸਾਹਮਣੇ ਹੋਏ ਜਿਸ ‘ਚ ਸਟੈਨ ਵਾਵਰਿੰਕਾ ਨੇ ਐਂਡੀ ਮੱਰੇ ਨੂੰ ਸਿੱਧੇ ਸੈੱਟਾਂ ‘ਚ ਹਰਾਇਆ। ਇਸ ਵਿਸ਼ੇਸ਼ ਮੈਚ ਦੌਰਾਨ ਵਾਵਰਿੰਕਾ ਨੇ 6-3, 6-0 ਨਾਲ ਜਿੱਤ ਦਰਜ ਕੀਤੀ। ਦੋਵਾਂ ਖਿਡਾਰੀਆਂ ਨੇ ਤਿੰਨ-ਤਿੰਨ ਗਰੈਂਡਸਲੈਮ ਖਿਤਾਬ ਜਿੱਤੇ ਹਨ। ਵਾਵਰਿੰਕਾ ਨੇ 2014 ‘ਚ ਆਸਟਰੇਲੀਅਨ ਓਪਨ, 2015 ‘ਚ ਫਰੈਂਚ ਓਪਨ ਅਤੇ 2016 ‘ਚ ਅਮਰੀਕਨ ਓਪਨ ਦਾ ਖਿਤਾਬ ਜਿੱਤਿਆ ਸੀ ਮੱਰੇ ਨੇ 2012 ‘ਚ ਅਮਰੀਕਨ ਓਪਨ ਅਤੇ 2012 ਤੇ 2016 ‘ਚ ਵਿੰਬਲਡਨ ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਦੋਵੇਂ ਖਿਡਾਰੀਆਂ ਦੀ ਉਮਰ 35 ਸਾਲ ਤੋਂ ਵੱਧ ਹੈ। ਵਾਵਰਿੰਕਾ 38 ਸਾਲ ਜਦਕਿ ਮੱਰੇ ਨੇ ਬੀਤੇ ਸੋਮਵਾਰ ਆਪਣਾ 36ਵਾਂ ਜਨਮਦਿਨ ਮਨਾਇਆ ਸੀ। ਵਾਵਰਿੰਕਾ ਆਪਣੇ ਕਰੀਅਰ ‘ਚ ਸਰਵੋਤਮ ਤੀਜੀ ਰੈਂਕਿੰਗ ‘ਤੇ ਪਹੁੰਚਿਆ ਸੀ ਪਰ ਹੁਣ ਉਸ ਦੀ ਵਿਸ਼ਵ ਰੈਂਕਿੰਗ 84 ਹੈ। ਮੱਰੇ ਇਕ ਵਾਰ ਵਰਲਡ ਦਾ ਨੰਬਰ ਇਕ ਖਿਡਾਰੀ ਰਹਿ ਚੁੱਕਿਆ ਹੈ ਅਤੇ ਹੁਣ ਉਸ ਦੀ ਰੈਂਕਿੰਗ 42 ਹੈ। ਪੁਰਸ਼ ਟੈਨਿਸ ਦੀ ਸਰਵਉੱਚ ਸੰਸਥਾ ਏ.ਟੀ.ਪੀ. ਨੇ ਕਿਹਾ ਕਿ ਇਹ 1981 ‘ਚ ਇਟਲੀ ਦੇ ਸੈਨ ਰੇਮੋ ‘ਚ ਇਲੀ ਨਾਸਤਾਸੇ ਦੀ ਜਾਨ ਕੋਡਸ ‘ਤੇ ਜਿੱਤ ਮਗਰੋਂ ਸੰਭਾਵੀ ਤੌਰ ‘ਤੇ ਪਹਿਲਾ ਮੌਕਾ ਸੀ, ਜਦੋਂ ਦੋ ਗਰੈਂਡਸਲੈਮ ਚੈਂਪੀਅਨ ਏਟੀਪੀ ਚੈਲੇਂਜਰ ਟੂਰ ‘ਚ ਇਕ-ਦੂਜੇ ਦਾ ਸਾਹਮਣਾ ਕਰ ਰਹੇ ਸਨ। ਚੈਲੇਂਜਰ ਟੂਰ ਏ.ਟੀ.ਪੀ. ਦਾ ਹੇਠਲੇ ਪੱਧਰ ਦਾ ਮੁਕਾਬਲਾ ਹੈ ਜਿਸ ‘ਚ ਆਮ ਤੌਰ ‘ਤੇ ਨਵੇਂ ਖਿਡਾਰੀ ਹਿੱਸਾ ਲੈਂਦੇ ਹਨ।