ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਗੇਂਦਬਾਜ਼ ਹਰਭਜਨ ਸਿੰਘ ਭੱਜੀ, ਜੋ ਇਸ ਸਮੇਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਨ, ਵੱਲੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਨ ਤੋਂ ਬਾਅਦ ਵਿਵਾਦਾਂ ਕਾਰਨ ਪ੍ਰਧਾਨ ਗੁਲਜ਼ਾਰ ਇੰਦਰ ਸਿੰਘ ਚਾਹਲ ਨੇ ਅਚਾਨਕ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਚਾਹਲ ਨੇ ਇਸ ਦੀ ਪੁਸ਼ਟੀ ਆਪਣੇ ਟਵਿਟਰ ਅਕਾਊਂਟ ਜ਼ਰੀਏ ਕਰਦੇ ਹੋਏ ਲਿਖਿਆ ਕਿ ਉਹ ਨਿੱਜੀ ਕਾਰਨਾਂ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਹਾਲਾਂਕਿ ਚਾਹਲ ਦੇ ਅਸਤੀਫੇ ਦੀ ਅਧਿਕਾਰਤ ਸੂਚਨਾ ਪੀ.ਸੀ.ਏ. ਵੱਲੋਂ ਜਾਰੀ ਨਹੀਂ ਕੀਤੀ ਗਈ ਹੈ ਪਰ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਚਾਹਲ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਿਵੇਂ ਹੀ ਚਾਹਲ ਦਾ ਟਵੀਟ ਸਾਹਮਣੇ ਆਇਆ ਉਸ ਤੋਂ ਬਾਅਦ ਕ੍ਰਿਕਟ ਜਗਤ ‘ਚ ਹਲਚਲ ਮਚ ਗਈ। ਮੰਨਿਆ ਜਾ ਰਿਹਾ ਹੈ ਕਿ ਚਹੁੰਤਰਫਾ ਦਬਾਅ ਦੇ ਚਲਦਿਆਂ ਉਨ੍ਹਾਂ ਨੂੰ ਮਜਬੂਰ ਹੋਣਾ ਪਿਆ। ਐਸੋਸੀਏਸ਼ਨ ਦੇ ਮੁੱਖ ਸਲਾਹਕਾਰ ਹਰਭਜਨ ਸਿੰਘ ਨੇ ਚਾਹਲ ਦੀ ਕਾਰਜਪ੍ਰਣਾਲੀ ‘ਤੇ ਸਵਾਲ ਚੁੱਕਦੇ ਹੋਏ ਇਸ ਦੀ ਸ਼ਿਕਾਇਤ ਲੋਕਪਾਲ ਨੂੰ ਵੀ ਭੇਜੀ ਸੀ। ਚਾਹਲ ‘ਤੇ ਦੋਸ਼ ਸੀ ਕਿ ਉਨ੍ਹਾਂ ਨੇ ਕਥਿਤ ਤੌਰ ‘ਤੇ ਆਪਣੇ ਨਜ਼ਦੀਕੀਆਂ ਨੂੰ ਪੀ.ਸੀ.ਏ. ਦੇ ਸੰਵਿਧਾਨ ਨੂੰ ਨਜ਼ਰਅੰਦਾਜ਼ ਕਰਦਿਆਂ ਮੈਂਬਰ ਬਣਾਇਆ ਸੀ। ਚਾਹਲ ਨੂੰ ਪੀ.ਸੀ.ਏ. ਦੀ ਕੁਰਸੀ ਮਿਲਿਆਂ ਅਜੇ 6 ਮਹੀਨੇ ਵੀ ਪੂਰੇ ਨਹੀਂ ਹੋਏ ਸਨ ਕਿ ਉਨ੍ਹਾਂ ਦੀ ਵਿਦਾਈ ਹੋ ਗਈ। ਪਿਛਲੇ ਦਿਨੀਂ ਪੀ.ਸੀ.ਏ. ਦੇ ਸਕੱਤਰ ਅਤੇ ਅਪੈਕਸ ਕਮੇਟੀ ਦੇ ਮੈਂਬਰਾਂ ਨੇ ਵੀ ਲੋਕਪਾਲ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਦੇ ਬਾਅਦ ਤੋਂ ਹੀ ਅਟਕਲਾਂ ਨੇ ਜ਼ੋਰ ਫੜ ਲਿਆ ਸੀ ਕਿ ਮਾਮਲੇ ‘ਚ ਕੋਈ ਵੱਡਾ ਘਟਨਾਚੱਕਰ ਵਾਪਰਨ ਵਾਲਾ ਹੈ। ਜ਼ਿਲ੍ਹਾ ਮੁਹਾਲੀ ਕ੍ਰਿਕਟ ਐਸੋਸੀਏਸ਼ਨ ਦੇ ਇਕ ਅਹੁਦੇਦਾਰ ਨੇ ਪੂਰੀ ਘਟਨਾ ਨੂੰ ਲੈ ਕੇ ਬੀ.ਸੀ.ਸੀ.ਆਈ. ਨੂੰ ਸ਼ਿਕਾਇਤ ਭੇਜੀ ਸੀ।