ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਮਗਰੋਂ ਪੁਲੀਸ ਨੇ ਹਿੰਦੂ ਆਗੂਆਂ ਦੀ ਸੁਰੱਖਿਆ ਦਾ ਜਾਇਜ਼ਾ ਲਿਆ। ਲੁਧਿਆਣਾ ਦੇ ਪੰਜ ਹਿੰਦੂ ਆਗੂਆਂ ਸਮੇਤ ਵਿਵਾਦਾਂ ‘ਚ ਰਹਿਣ ਵਾਲੇ ਸਿੱਖ ਆਗੂ ਗੁਰਸਿਮਰਨ ਸਿੰਘ ਮੰਡ ਨੂੰ ਸੁਰੱਖਿਆ ਲਈ ਹੁਣ ਬੁਲੇਟ ਪਰੂਫ ਜੈਕੇਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਆਗੂਆਂ ਨਾਲ ਸੁਰੱਖਿਆ ਮੁਲਾਜ਼ਮਾਂ ਦੀ ਗਿਣਤੀ ਵੀ ਵਧਾਈ ਗਈ ਹੈ। ਸ਼ਿਵ ਸੈਨਾ ਪੰਜਾਬ ਦੇ ਕੌਮੀ ਚੇਅਰਮੈਨ ਰਾਜੀਵ ਟੰਡਨ, ਅਮਿਤ ਅਰੋੜਾ, ਯੋਗੇਸ਼ ਬਖਸ਼ੀ, ਨੀਰਜ ਭਾਰਦਵਾਜ ਅਤੇ ਹਰਕੀਰਤ ਖੁਰਾਣਾ ਸਮੇਤ ਗੁਰਸਿਮਰਨ ਸਿੰਘ ਮੰਡ ਨੂੰ ਬੁਲੇਟ ਪਰੂਫ ਜੈਕੇਟ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਹਿੰਦੂ ਆਗੂ ਅਮਿਤ ਅਰੋੜਾ ਦੀ ਸੁਰੱਖਿਆ ਵੀ ਵਧਾਈ ਹੈ। ਪਹਿਲਾਂ ਅਮਿਤ ਅਰੋੜਾ ਨਾਲ ਪੰਜ ਸੁਰੱਖਿਆ ਮੁਲਾਜ਼ਮ ਤਾਇਨਾਤ ਸਨ, ਜਦਕਿ ਹੁਣ ਇਨ੍ਹਾਂ ਦੀ ਗਿਣਤੀ ਵਧਾ ਕੇ ਨੌਂ ਕਰ ਦਿੱਤੀ ਗਈ ਹੈ। ਸਾਰੇ ਆਗੂਆਂ ਨੂੰ ਹਮੇਸ਼ਾ ਬੁਲੇਟ ਪਰੂਫ ਜੈਕੇਟ ਪਾ ਕੇ ਰੱਖਣ ਦੀ ਹਦਾਇਤ ਕੀਤੀ ਗਈ ਹੈ। ਹਿੰਦੂ ਆਗੂ ਸੁਧੀਰ ਸੂਰੀ ਦੇ ਕਤਲ ਮਗਰੋਂ ਪਾਕਿਸਤਾਨ ਬੈਠੇ ਗੋਪਾਲ ਚਾਵਲਾ ਨੇ ਧਮਕੀ ਦਿੱਤੀ ਸੀ ਕਿ ਸੂਰੀ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਹੁਣ ਅਮਿਤ ਅਰੋੜਾ ਤੇ ਗੁਰਸਿਮਰਨ ਮੰਡ ਦੀ ਵਾਰੀ ਹੈ। ਇਸ ਤੋਂ ਇਲਾਵਾ ਕਈ ਹੋਰ ਆਗੂਆਂ ਨੂੰ ਵੀ ਧਮਕੀਆਂ ਮਿਲੀਆਂ ਸਨ ਜਿਸ ਕਾਰਨ ਸਰਕਾਰ ਦੇ ਹੁਕਮਾਂ ‘ਤੇ ਜ਼ਿਲ੍ਹਾ ਪੁਲੀਸ ਨੇ ਆਪਣੇ ਪੱਧਰ ਉੱਤੇ ਇਨ੍ਹਾਂ ਆਗੂਆਂ ਦੀ ਸੁਰੱਖਿਆ ਦਾ ਜਾਇਜ਼ਾ ਲਿਆ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਦਿੱਤੀਆਂ ਗਈਆਂ ਇਕ ਬੁਲੇਟ ਪਰੂਫ ਜੈਕੇਟ ਦਾ ਵਜ਼ਨ 15 ਤੋਂ 20 ਕਿੱਲੋ ਦੇ ਕਰੀਬ ਦੱਸਿਆ ਜਾ ਰਿਹਾ ਹੈ ਅਤੇ ਇਹ ਆਧੁਨਿਕ ਗੋਲੀਆਂ ਦੀ ਮਾਰ ਵੀ ਝੱਲ ਸਕਦੀ ਹੈ।