ਇੰਡੀਆ ਨੇ ਐੱਫ.ਆਈ.ਐੱਚ. ਪੁਰਸ਼ ਵਰਲਡ ਕੱਪ ਦੇ ਆਪਣੇ ਪਲੇਠੇ ਮੁਕਾਬਲੇ ‘ਚ ਸਪੇਨ ਨੂੰ 2-0 ਨਾਲ ਹਰਾਉਂਦਿਆਂ ਜੇਤੂ ਆਗਾਜ਼ ਕੀਤਾ ਹੈ। ਬਿਰਸਾ ਮੁੰਡਾ ਸਟੇਡੀਅਮ ‘ਚ ਖੇਡੇ ਪੂਲ ‘ਡੀ’ ਦੇ ਮੈਚ ਦੌਰਾਨ ਸਥਾਨਕ ਖਿਡਾਰੀ ਅਮਿਤ ਰੋਹੀਦਾਸ ਨੇ ਪਹਿਲੇ ਕੁਆਰਟਰ ਦੇ 12ਵੇਂ ਮਿੰਟ ‘ਚ ਇੰਡੀਆ ਨੂੰ ਮਿਲੇ ਪੈਨਲਟੀ ਕਾਰਨਰ ਨੂੰ ਗੋਲ ‘ਚ ਤਬਦੀਲ ਕਰਕੇ ਟੀਮ ਦਾ ਖਾਤਾ ਖੋਲ੍ਹਿਆ। ਭਾਰਤੀ ਟੀਮ ਲਈ ਦੂਜਾ ਗੋਲ 26ਵੇਂ ਮਿੰਟ ‘ਚ ਹਾਰਦਿਕ ਸਿੰਘ ਦੀ ਹਾਕੀ ਤੋਂ ਆਇਆ। ਬਿਰਸਾ ਮੁੰਡਾ ਸਟੇਡੀਅਮ ‘ਚ ਖੇਡਿਆ ਇਹ ਪਹਿਲਾ ਕੌਮਾਂਤਰੀ ਹਾਕੀ ਮੁਕਾਬਲਾ ਹੈ। ਭਾਰਤੀ ਟੀਮ ਨੂੰ 1975 ਮਗਰੋਂ ਆਪਣੇ ਪਹਿਲੇ ਤਗ਼ਮੇ ਦੀ ਤਲਾਸ਼ ਹੈ। ਇੰਡੀਆ ਆਪਣਾ ਅਗਲਾ ਮੁਕਾਬਲਾ 15 ਜਨਵਰੀ ਨੂੰ ਇੰਗਲੈਂਡ ਖਿਲਾਫ਼ ਖੇਡੇਗਾ। ਸਪੇਨ ਖ਼ਿਲਾਫ਼ ਮਿਲੀ ਜਿੱਤ ਨਾਲ ਟੀਮ ਦੇ ਕੁਆਰਟਰ ਫਾਈਨਲ ਗੇੜ ‘ਚ ਥਾਂ ਬਣਾਉਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਮੈਚ ਦੌਰਾਨ ਇੰਡੀਆ ਨੂੰ ਪੰਜ ਪੈਨਲਟੀ ਕਾਰਨਰ ਮਿਲੇ ਤੇ ਟੀਮ ਦੂਜੇ ਨੂੰ ਹੀ ਗੋਲ ‘ਚ ਤਬਦੀਲ ਕਰ ਸਕੀ। ਮੈਚ ਦੇ ਤੀਜੇ ਕੁਆਰਟਰ ‘ਚ ਕਪਤਾਨ ਹਰਮਨਪ੍ਰੀਤ ਸਿੰਘ ਪੈਨਲਟੀ ਸਟਰੋਕ ‘ਤੇ ਗੋਲ ਕਰਨ ਤੋਂ ਖੁੰਝ ਗਿਆ। ਉਧਰ ਭਾਰਤੀ ਟੀਮ ਦੇ ਗੋਲਕੀਪਰ ਕ੍ਰਿਸ਼ਨ ਬਹਾਦੁਰ ਪਾਠਕ ਨੇ ਗੋਲ ਅੱਗੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦੇ ਹੋਏ ਪੈਨਲਟੀ ਕਾਰਨਰ ਸਮੇਤ ਸਪੈਨਿਸ਼ ਟੀਮ ਦੇ ਕਈ ਹੱਲਿਆਂ ਨੂੰ ਨਾਕਾਮ ਕੀਤਾ। ਪੂਰੇ ਮੈਚ ਦੌਰਾਨ ਯੂਰਪੀਅਨ ਟੀਮ ਦੇ ਮੁਕਾਬਲੇ ਇੰਡੀਆ ਦਾ ਹੱਥ ਉੱਤੇ ਰਿਹਾ। ਸਪੈਨਿਸ਼ ਟੀਮ ਨੂੰ ਤਿੰਨ ਪੈਨਲਟੀ ਕਾਰਨਰਾਂ ਤੋਂ ਇਲਾਵਾ ਇਕ ਦੋ ਹੋਰ ਮੌਕੇ ਮਿਲੇ, ਜੋ ਉਨ੍ਹਾਂ ਗੁਆ ਲਏ। ਇੰਡੀਆ ਲਈ ਨੀਲਾਕਾਂਤਾ ਸ਼ਰਮਾ, ਮਨਦੀਪ ਸਿੰਘ, ਆਕਾਸ਼ਦੀਪ ਸਿੰਘ ਤੇ ਅਭਿਸ਼ੇਕ ਨੇ ਬਹੁਤੇ ਹਮਲੇ ਮੈਦਾਨ ਦੇ ਸੱਜੇ ਪਾਸਿਓਂ ਕੀਤੇ। ਇਸ ਤੋਂ ਪਹਿਲਾਂ ਪੂਲ ਡੀ ਦੇ ਇਕ ਹੋਰ ਮੁਕਾਬਲੇ ‘ਚ ਇੰਗਲੈਂਡ ਨੇ ਵੇਲਸ ਨੂੰ 5-0 ਦੀ ਕਰਾਰੀ ਸ਼ਿਕਸਤ ਦਿੱਤੀ।