ਓਲੰਪਿਕ ਤਗ਼ਮਾ ਜੇਤੂ ਮੀਰਾਬਾਈ ਚਾਨੂ ਨੇ ਉਦੋਂ ਇਕ ਹੋਰ ਇਤਿਹਾਸ ਸਿਰਜਿਆ ਜਦੋਂ ਕੋਲੰਬੀਆ ਦੀ ਬੋਗੋਟਾ ‘ਚ 2022 ਵਰਲਡ ਵੇਟਲਿਫਟਿੰਗ ਚੈਂਪੀਅਨਸ਼ਿਪ ‘ਚ ਚਾਂਦੀ ਦਾ ਤਗ਼ਮਾ ਜਿੱਤਿਆ। ਮੀਰਾਬਾਈ ਨੇ ਕੁੱਲ 200 ਕਿਲੋਗ੍ਰਾਮ (87 ਕਿਲੋਗ੍ਰਾਮ ਸਨੈਚ + 113 ਕਿਲੋਗ੍ਰਾਮ ਕਲੀਨ ਐਂਡ ਜਰਕ) ਭਾਰ ਚੁੱਕਿਆ। ਉਥੇ ਹੀ ਚੀਨ ਦੀ ਓਲੰਪਿਕ ਚੈਂਪੀਅਨ ਹਾਊ ਜ਼ਿਹੁਆ 198 ਕਿਲੋਗ੍ਰਾਮ (89 ਕਿਲੋਗ੍ਰਾਮ + 109 ਕਿਲੋਗ੍ਰਾਮ) ਭਾਰ ਚੁੱਕ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਅਤੇ ਇਕ ਹੋਰ ਚੀਨੀ ਜਿਆਂਗ ਹੁਈਹੁਆ 206 ਕਿਲੋਗ੍ਰਾਮ (93 ਕਿਲੋਗ੍ਰਾਮ +113 ਕਿਲੋਗ੍ਰਾਮ) ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ। ਮੀਰਾਬਾਈ ਦੀ ਗੁੱਟ ਦੀ ਸਮੱਸਿਆ ਉਦੋਂ ਸਪੱਸ਼ਟ ਹੋਈ ਜਦੋਂ ਉਨ੍ਹਾਂ ਨੇ ਆਪਣੀ ਦੂਜੀ ਕਲੀਨ ਐਂਡ ਜ਼ਰਕ ਕੋਸ਼ਿਸ਼ ‘ਚ ਓਵਰਹੈੱਡ ਲਿਫਟ ਨਾਲ ਸੰਘਰਸ਼ ਕੀਤਾ, ਪਰ ਉਹ ਤੇਜ਼ੀ ਨਾਲ ਠੀਕ ਹੋ ਗਈ ਅਤੇ ਉਨ੍ਹਾਂ ਨੇ 113 ਕਿਲੋਗ੍ਰਾਮ ਦਾ ਸਰਵੋਤਮ ਭਾਰ ਚੁੱਕਿਆ। ਉਨ੍ਹਾਂ ਨੇ ਸਨੈਚ ਈਵੈਂਟ ‘ਚ 87 ਕਿਲੋਗ੍ਰਾਮ ਦੀ ਸਰਵੋਤਮ ਕੋਸ਼ਿਸ਼ ਕੀਤੀ ਸੀ। ਮੀਰਾਬਾਈ ਨੇ ਆਪਣੇ 113 ਕਿਲੋਗ੍ਰਾਮ ਦੀ ਕੋਸ਼ਿਸ਼ ਨਾਲ ਕਲੀਨ ਐਂਡ ਜਰਕ ਵਰਗ ‘ਚ ਚਾਂਦੀ ਦਾ ਤਗ਼ਮਾ ਜਿੱਤਿਆ। ਇਹ ਮੀਰਾਬਾਈ ਦਾ ਦੂਜਾ ਵਿਸ਼ਵ ਤਗ਼ਮਾ ਹੈ, ਇਸ ਤੋਂ ਪਹਿਲਾਂ ਉਨ੍ਹਾਂ ਨੇ 2017 ਵਰਲਡ ਚੈਂਪੀਅਨਸ਼ਿਪ ‘ਚ 194 ਕਿਲੋਗ੍ਰਾਮ (85 ਕਿਲੋਗ੍ਰਾਮ +109 ਕਿਲੋਗ੍ਰਾਮ) ਭਾਰ ਚੁੱਕ ਕੇ ਸੋਨ ਤਗ਼ਮਾ ਜਿੱਤਿਆ ਸੀ। ਉਹ 2019 ਐਡੀਸ਼ਨ ‘ਚ ਚੌਥੇ ਸਥਾਨ ‘ਤੇ ਆਈ ਸੀ।