ਭਾਰਤੀ ਮੂਲ ਦੇ ਅਮਰੀਕਨ ਨਾਗਰਿਕ ਅਜੇ ਬੰਗਾ ਵਰਲਡ ਬੈਂਕ ਦੇ ਅਗਲੇ ਮੁਖੀ ਹੋਣਗੇ ਅਤੇ ਉਹ ਦੋ ਜੂਨ ਨੂੰ ਡੇਵਿਡ ਮਾਲਪਾਸ ਦੀ ਜਗ੍ਹਾ ਲੈਣਗੇ। ਵਰਲਡ ਬੈਂਕ ਨੇ ਬੋਰਡ ਵੱਲੋਂ ਵੋਟਿੰਗ ਰਾਹੀਂ ਅਜੇ ਬੰਗਾ ਦੀ ਚੋਣ ਤੋਂ ਬਾਅਦ ਜਾਰੀ ਬਿਆਨ ‘ਚ ਕਿਹਾ ਕਿ ਉਨ੍ਹਾਂ ਨੂੰ ਬੁੱਧਵਾਰ ਨੂੰ ਮੁਖੀ ਚੁਣਿਆ ਗਿਆ ਹੈ। 5 ਸਾਲ ਲਈ ਅਜੇ ਬੰਗਾ ਦੀ ਅਗਵਾਈ ਨੂੰ ਮਨਜ਼ੂਰੀ ਦੇਣ ਲਈ ਬੋਰਡ ਦੀ ਵੋਟਿੰਗ ਦੇ ਤੁਰੰਤ ਬਾਅਦ ਜਾਰੀ ਇਸ ਬਿਆਨ ‘ਚ ਸੰਗਠਨ ਨੇ ਕਿਹਾ, ‘ਵਰਲਡ ਬੈਂਕ ਸਮੂਹ ਅਜੇ ਬੰਗਾ ਦੇ ਨਾਲ ਕੰਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹ ਦੋ ਜੂਨ ਨੂੰ ਡੇਵਿਡ ਮਾਲਪਾਸ ਤੋਂ ਇਹ ਭੂਮਿਕਾ ਸੰਭਾਲਣਗੇ।’ ਮਾਸਟਰਕਾਰਡ ਇੰਕ ਦੇ ਸਾਬਕਾ ਕਾਰਜਕਾਰੀ ਅਧਿਕਾਰੀ ਨੂੰ ਅਮਰੀਕਨ ਰਾਸ਼ਟਰਪਤੀ ਜੋਅ ਬਾਇਡੇਨ ਦਾ ਪਿਛਲੇ ਮਹੀਨੇ ਸਮਰਥਨ ਮਿਲਿਆ ਸੀ। ਵਰਲਡ ਬੈਂਕ ਦੇ ਮੌਜੂਦਾ ਮੁਖੀ ਡੇਵਿਡ ਮਲਪਾਸ ਨੇ ਤਕਰੀਬਨ ਇਕ ਸਾਲ ਪਹਿਲਾਂ ਅਹੁਦਾ ਛੱਡਣਦਾ ਐਲਾਨ ਕੀਤਾ ਸੀ। ਇੰਡੀਆ ਨੇ ਵਿਸ਼ਵ ਬੈਂਕ ਦੇ ਮੁਖੀ ਵਜੋਂ ਬੰਗਾ ਦੀ ਉਮੀਦਵਾਰੀ ਦਾ ਸਮਰਥਨ ਕੀਤਾ ਸੀ। ਪੁਣੇ ‘ਚ ਜੰਮੇ ਬੰਗਾ ਨੇ 70 ਦੇ ਦਹਾਕੇ ‘ਚ ਸ਼ਿਮਲਾਦੇ ਸੇਂਟ ਐਡਵਰਡ ਸਕੂਲ ਤੋਂ ਪ੍ਰਾਇਮਰੀ ਪੱਧਰ ਦੀ ਪੜ੍ਹਾਈ ਕੀਤੀ। ਇਨ੍ਹਾਂ ਦੇ ਪਿਤਾ ਫ਼ੌਜ ‘ਚ ਅਫ਼ਸਰ ਸਨ। ਇਸ ਦੌਰਾਨ ਕੁਝ ਸਮੇਂ ਲਈ ਉਹ ਸ਼ਿਮਲਾ ‘ਚ ਤਾਇਨਾਤ ਰਹੇ ਸਨ, ਇਸੇ ਲਈ ਬੰਗਾ ਨੂੰ ਸੇਂਟ ਐਡਵਰਡ ਸਕੂਲ ਸ਼ਿਮਲਾ ‘ਚ ਪੜ੍ਹਾਈ ਲਈ ਦਾਖ਼ਲਾ ਦਵਾਇਆ ਗਿਆ ਸੀ। 63 ਸਾਲਾ ਅਜੇ ਬੰਗਾ ਨੂੰ ਅਮਰੀਕਨ ਰਾਸ਼ਟਰਪਤੀ ਜੋਅ ਬਾਇਡੇਨ ਨੇ ਵਰਲਡ ਬੈਂਕ ਦੇ ਅਗਲੇ ਮੁਖੀ ਵਜੋਂ ਨਾਮਜ਼ਦ ਕੀਤਾ ਸੀ। ਇਕ ਖੁੱਲ੍ਹੇ ਸਮਰਥਨ ਪੱਤਰ ‘ਚ 55 ਐਡਵੋਕੇਟ, ਅਕਾਦਮਿਕ, ਅਧਿਕਾਰੀਆਂ, ਦਿੱਗਜਾਂ ਤੇ ਸਾਬਕਾ ਸਰਕਾਰੀ ਅਧਿਕਾਰੀਆਂ ਨੇ ਵਰਲਡ ਬੈਂਕ ਦੇ ਮੁਖੀ ਲਈ ਨਾਮਜ਼ਦਗੀ ਦਾ ਸਮਰਥਨ ਕੀਤਾ ਸੀ। ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ‘ਚ ਕਈ ਨੋਬਲ ਪੁਰਸਕਾਰ ਜੇਤੂ ਵੀ ਸਨ।