ਮਹਿਲਾ ਵਰਲਡ ਬਾਕਸਿੰਗ ਚੈਂਪੀਅਨਸ਼ਿਪ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤੀ ਮੁੱਕੇਬਾਜ਼ ਨੀਤੂ ਤੇ ਮਨੀਸ਼ਾ ਮੌਨ ਨੇ ਕੁਆਰਟਰ ਫਾਈਨਲ ‘ਚ ਥਾਂ ਬਣਾਈ। ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਨੀਤੂ (48 ਕਿੱਲੋਗ੍ਰਾਮ) ਨੇ ਪਹਿਲੇ ਗੇੜ ‘ਚ ਤਜ਼ਾਕਿਸਤਾਨ ਦੀ ਸਮੈਯਾ ਕੋਸੀਮੋਵਾ ਨੂੰ ਹਰਾਇਆ ਜਦਕਿ ਪਿਛਲੇ ਸਾਲ ਦੀ ਕਾਂਸੇ ਦਾ ਮੈਡਲ ਜੇਤੂ ਮਨੀਸ਼ਾ (57 ਕਿੱਲੋਗ੍ਰਾਮ) ਨੇ ਤੀਜੇ ਗੇੜ ‘ਚ ਤੁਰਕੀ ਦੀ ਨੂਰ ਏਲਿਫ ਤੁਰਹਾਨ ਨੂੰ ਮਾਤ ਦਿੱਤੀ। ਮਨੀਸ਼ਾ ਨੇ ਆਰ.ਐੱਸ.ਸੀ. (ਰੈਫਰੀ ਵੱਲੋਂ ਬਾਊਟ ਰੋਕੀ ਜਾਣੀ) ‘ਤੇ ਜਿੱਤ ਦਰਜ ਕੀਤੀ, ਉਥੇ ਨੀਤੂ ਦਾ ਇਹ ਦੂਜਾ ਮੁਕਾਬਲਾ ਸੀ ਜਿਸ ਦਾ ਫ਼ੈਸਲਾ ਆਰ.ਐੱਸ.ਸੀ. ਨਾਲ ਹੋਇਆ। ਹਾਲਾਂਕਿ ਸ਼ਸ਼ੀ ਚੋਪੜਾ (63 ਕਿੱਲੋਗ੍ਰਾਮ) ਜਾਪਾਨ ਦੀ ਮਾਈ ਕਿਤੋ ਹੱਥੋਂ 0-4 ਨਾਲ ਹਾਰ ਕੇ ਟੂਰਨਾਮੈਂਟ ‘ਚੋਂ ਬਾਹਰ ਹੋ ਗਈ। ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ (50 ਕਿਲੋ), ਨੀਤੂ ਗੰਗਾਸ (48 ਕਿਲੋ), ਮਨੀਸ਼ਾ ਮੌਨ (57 ਕਿਲੋ) ਅਤੇ ਜੈਸਮੀਨ ਲੰਬੋਰੀਆ (60 ਕਿਲੋ) ਨੇ ਮਹਿਲਾ ਵਰਲਡ ਚੈਂਪੀਅਨਸ਼ਿਪ ਦੇ ਪਹਿਲੇ ਪੜਾਅ ‘ਚ ਜਿੱਤਾਂ ਹਾਸਲ ਕਰਦਿਆਂ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਨਿਖਤ ਨੇ ਮੈਕਸਿਕੋ ਦੀ ਪੈਟ੍ਰਿਸੀਆ ਅਵਾਰੇਜ਼ ਹੈਰੇਰਾ ਨੂੰ 5-0 ਨਾਲ ਹਰਾ ਕੇ ਟੂਰਨਾਮੈਂਟ ‘ਚ ਤੀਜੀ ਜਿੱਤ ਦਰਜ ਕੀਤੀ।