ਵਰਲਡ ਚੈਂਪੀਅਨ ਇੰਗਲੈਂਡ ਨੂੰ ਤਿੰਨ ਟੀ-20 ਕੌਮਾਂਤਰੀ ਮੈਚਾਂ ਦੀ ਸੀਰੀਜ਼ ‘ਚ 3-0 ਨਾਲ ਹਰਾ ਕੇ ਬੰਗਲਾਦੇਸ਼ ਨੇ ਕਲੀਨ ਸਵੀਪ ਕਰਦਿਆਂ ਇਤਿਹਾਸ ਰਚਿਆ। ਸਲਾਮੀ ਬੱਲੇਬਾਜ਼ ਲਿਟਨ ਦਾਸ ਦੇ ਅਰਧ ਸੈਂਕੜੇ ਤੋਂ ਬਾਅਦ ਮੁਸਤਾਫਿਜ਼ੁਰ ਰਹਿਮਾਨ ਦੀ ਅਗਵਾਈ ‘ਚ ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਦੀ ਬਦੌਲਤ ਬੰਗਲਾਦੇਸ਼ ਨੇ ਇੰਗਲੈਂਡ ਨੂੰ 16 ਦੌੜਾਂ ਨਾਲ ਹਰਾਇਆ। ਦੋਵਾਂ ਦੇਸ਼ਾਂ ਵਿਚਾਲੇ ਇਹ ਪਹਿਲੀ ਟੀ-20 ਸੀਰੀਜ਼ ਸੀ ਜਿਸ ਨੂੰ ਬੰਗਲਾਦੇਸ਼ ਨੇ ਇੰਗਲੈਂਡ ਖ਼ਿਲਾਫ਼ ਆਪਣੀ ਧਰਤੀ ‘ਤੇ ਜਿੱਤ ਲਿਆ। ਵਿਕਟਕੀਪਰ ਬੱਲੇਬਾਜ਼ ਲਿਟਨ ਨੇ 57 ਗੇਂਦਾਂ ‘ਤੇ 10 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 73 ਦੌੜਾਂ ਬਣਾਈਆਂ। ਉਸ ਨੇ ਰੋਨੀ ਤਾਲੁਕਦਾਰ (24) ਦੇ ਨਾਲ ਪਹਿਲੀ ਵਿਕਟ ਲਈ 55 ਤੇ ਨਜਮੁਲ ਹਸਨ ਸ਼ੰਟੋ (ਅਜੇਤੂ 47) ਦੇ ਨਾਲ ਦੂਜੀ ਵਿਕਟ ਲਈ 95 ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਬੰਗਲਾਦੇਸ਼ ਨੂੰ ਜਿੱਤ ਦੇ ਕੰਢੇ ਤਕ ਲੈ ਗਿਆ ਪਰ ਇਨ੍ਹਾਂ ਦੋਵਾਂ ਦੇ 14ਵੇਂ ਓਵਰ ‘ਚ ਲਗਾਤਾਰ ਗੇਂਦਾਂ ‘ਤੇ ਆਊਟ ਹੋਣ ਤੋਂ ਉਸਦੀ ਪਾਰੀ ਲੜਖੜਾ ਗਈ ਤੇ ਅੰਤ ‘ਚ ਉਹ 6 ਵਿਕਟਾਂ ‘ਤੇ 142 ਦੌੜਾਂ ਹੀ ਬਣਾ ਸਕਿਆ। ਮੁਸਤਾਫਿਜ਼ੁਰ ਨੇ ਚਾਰ ਓਵਰਾਂ ‘ਚ 14 ਦੌੜਾਂ ਦੇ ਕੇ ਮਲਾਨ ਦੀ ਮਹੱਤਵਪੂਰਨ ਵਿਕਟ ਹਾਸਲ ਕੀਤੀ ਜਦਕਿ ਬਟਲਰ ਅਗਲੀ ਗੇਂਦ ‘ਤੇ ਰਨ ਆਊਟ ਹੋ ਗਿਆ। ਇਸ ਤੋਂ ਬਾਅਦ ਬੰਗਲਾਦੇਸ਼ ਦੇ ਗੇਂਦਬਾਜ਼ਾਂ ਨੇ ਸ਼ਿਕੰਜਾ ਕੱਸ ਦਿੱਤਾ। ਤਾਸਕਿਨ ਅਹਿਮਦ (26 ਦੌੜਾਂ ਦੇ ਕੇ 2 ਵਿਕਟਾਂ) ਉਸਦੇ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਬੰਗਲਾਦੇਸ਼ ਨੇ ਪਹਿਲੇ ਮੈਚ ‘ਚ 6 ਵਿਕਟਾਂ ਤੇ ਦੂਜੇ ਮੈਚ ‘ਚ 4 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਇੰਗਲੈਂਡ ਨੇ ਇਸ ਤੋਂ ਪਹਿਲਾਂ ਵਨ ਡੇ ਲੜੀ 2-1 ਨਾਲ ਜਿੱਤੀ ਸੀ। ਬੰਗਲਾਦੇਸ਼ ਨੇ ਤੀਜਾ ਵਨ ਡੇ ਜਿੱਤਿਆ ਸੀ ਤੇ ਇਸ ਤਰ੍ਹਾਂ ਨਾਲ ਉਹ ਸੀਮਤ ਓਵਰਾਂ ਦੌਰਾਨ ਦੋਵੇਂ ਸਵਰੂਪਾਂ ਦੇ ਚੈਂਪੀਅਨ ਇੰਗਲੈਂਡ ਨੂੰ ਲਗਾਤਾਰ ਚਾਰ ਮੈਚਾਂ ‘ਚ ਹਰਾਉਣ ‘ਚ ਸਫਲ ਰਿਹਾ।