ਹਾਕੀ ਇੰਡੀਆ ਨੇ ਭੁਵਨੇਸ਼ਵਰ ਤੇ ਰਾਓਰਕੇਲਾ ‘ਚ ਅਗਲੇ ਮਹੀਨੇ ਹੋਣ ਵਾਲੇ ਐੱਫ.ਆਈ.ਐੱਚ. ਪੁਰਸ਼ ਹਾਕੀ ਵਰਲਡ ਕੱਪ ਤੋਂ ਪਹਿਲਾਂ ਭਾਰਤੀ ਟੀਮ ਤੇ ਸਹਿਯੋਗੀ ਸਟਾਫ ਦੀ ਹੌਸਲਾਅਫਜ਼ਾਈ ਲਈ ਨਕਦ ਇਨਾਮਾਂ ਦਾ ਐਲਾਨ ਕੀਤਾ ਹੈ। ਭਾਰਤੀ ਟੀਮ ਸਪੇਨ ਵਿਰੁੱਧ 13 ਜਨਵਰੀ ਨੂੰ ਪਹਿਲਾ ਮੈਚ ਖੇਡੇਗੀ। ਹਾਕੀ ਇੰਡੀਆ ਨੇ ਸੋਨ ਤਗ਼ਮਾ ਜਿੱਤਣ ‘ਤੇ ਟੀਮ ਦੇ ਹਰ ਮੈਂਬਰ ਨੂੰ 25 ਲੱਖ ਰੁਪਏ ਤੇ ਸਹਿਯੋਗੀ ਸਟਾਫ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਥੇ ਹੀ ਚਾਂਦੀ ਤਮਗਾ ਜਿੱਤਣ ‘ਤੇ ਖਿਡਾਰੀਆਂ ਨੂੰ 15-15 ਲੱਖ ਰੁਪਏ ਤੇ ਸਹਿਯੋਗੀ ਸਟਾਫ ਨੂੰ 3 ਲੱਖ ਰੁਪਏ ਦਿੱਤੇ ਜਾਣਗੇ। ਕਾਂਸੀ ਤਮਗਾ ਜਿੱਤਣ ‘ਤੇ ਖਿਡਾਰੀਆਂ ਨੂੰ 10-10 ਲੱਖ ਰੁਪਏ ਤੇ ਸਹਿਯੋਗੀ ਸਟਾਫ ਨੂੰ 2-2 ਲੱਖ ਰੁਪਏ ਮਿਲਣਗੇ। ਹਾਕੀ ਇੰਡੀਆ ਦੇ ਕਾਰਜਕਾਰੀ ਬੋਰਡ ਨੇ 24 ਦਸੰਬਰ ਨੂੰ ਆਨਲਾਈਨ ਮੀਟਿੰਗ ‘ਚ ਇਹ ਫੈਸਲਾ ਕੀਤਾ। ਹਾਕੀ ਇੰਡੀਆ ਦੇ ਮੁਖੀ ਦਿਲੀਪ ਟਿਰਕੀ ਨੇ ਇਕ ਬਿਆਨ ‘ਚ ਕਿਹਾ, ‘ਸੀਨੀਅਰ ਪੁਰਸ਼ ਵਰਲਡ ਕੱਪ ‘ਚ ਤਗ਼ਮਾ ਜਿੱਤਣਾ ਆਸਾਨ ਨਹੀਂ ਹੈ। ਸਾਨੂੰ ਉਮੀਦ ਹੈ ਕਿ ਇਸ ਐਲਾਨ ਨਾਲ ਭਾਰਤੀ ਟੀਮ ਦਾ ਮਨੋਬਲ ਵਧੇਗਾ। ਇੰਡੀਆ ਨੇ ਆਖਰੀ ਵਾਰ 1975 ‘ਚ ਵਰਲਡ ਕੱਪ ‘ਚ ਸੋਨ ਤਗ਼ਮਾ ਜਿੱਤਿਆ ਸੀ। ਇੰਡੀਆ 1971 ‘ਚ ਕਾਂਸੀ ਤੇ 1973 ‘ਚ ਚਾਂਦੀ ਤਗ਼ਮਾ ਜਿੱਤ ਚੁੱਕਾ ਹੈ। ਭਾਰਤੀ ਟੀਮ ਪੂਲ-ਡੀ ‘ਚ ਇੰਗਲੈਂਡ, ਸਪੇਨ ਤੇ ਵੇਲਸ ਦੇ ਨਾਲ ਹੈ।