ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਐਲਾਨ ਕੀਤਾ ਹੈ ਕਿ ਐੱਫ.ਆਈ.ਐੱਚ. ਪੁਰਸ਼ ਹਾਕੀ ਵਰਲਡ ਕੱਪ ਜਿੱਤਣ ‘ਤੇ ਭਾਰਤੀ ਟੀਮ ਦੇ ਹਰ ਖਿਡਾਰੀ ਨੂੰ ਇਕ ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਰੁੜਕੇਲਾ ਦੇ ਦੌਰੇ ‘ਤੇ ਆਏ ਪਟਨਾਇਕ ਨੇ ਬਿਰਸਾ ਮੁੰਡਾ ਹਾਕੀ ਸਟੇਡੀਅਮ ਕੰਪਲੈਕਸ ‘ਚ ‘ਵਰਲਡ ਕੱਪ ਪਿੰਡ’ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਵਿਸ਼ਵ ਕੱਪ ਪਿੰਡ ‘ਚ ਠਹਿਰੀ ਭਾਰਤੀ ਪੁਰਸ਼ ਹਾਕੀ ਟੀਮ ਨਾਲ ਗੱਲਬਾਤ ਕੀਤੀ। ਨਵੀਨ ਪਟਨਾਇਕ ਨੇ ਕਿਹਾ, ‘ਜੇਕਰ ਸਾਡਾ ਦੇਸ਼ ਵਰਲਡ ਕੱਪ ਜਿੱਤਦਾ ਹੈ ਤਾਂ ਭਾਰਤੀ ਟੀਮ ਦੇ ਹਰ ਖਿਡਾਰੀ ਨੂੰ ਇਕ ਕਰੋੜ ਰੁਪਏ ਇਨਾਮ ਦਿੱਤਾ ਜਾਵੇਗਾ। ਮੈਂ ਟੀਮ ਇੰਡੀਆ ਨੂੰ ਵਧਾਈ ਦਿੰਦਾ ਹਾਂ ਅਤੇ ਉਮੀਦ ਕਰਦਾਂ ਹਾਂ ਕਿ ਉਹ ਚੈਂਪੀਅਨ ਬਣ ਕੇ ਸਾਹਮਣੇ ਆਵੇ।’ ਇਸ ਮੌਕੇ ਖਿਡਾਰੀਆਂ ਨੇ ਹਾਕੀ ਲਈ ‘ਸਮੁੱਚਾ ਈਕੋਸਿਸਟਮ’ ਵਿਕਸਿਤ ਕਰਨ ਲਈ ਉੜੀਸਾ ਸਰਕਾਰ ਦੀ ਸ਼ਲਾਘਾ ਕੀਤੀ ਅਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਦੱਸਣਯੋਗ ਹੈ ਕਿ ਵਰਲਡ ਕੱਪ ਪਿੰਡ ਰਿਕਾਰਡ 9 ਮਹੀਨਿਆਂ ਅੰਦਰ ਤਿਆਰ ਕੀਤਾ ਗਿਆ ਹੈ। ਇਸ ‘ਚ ਹਾਕੀ ਵਰਲਡ ਕੱਪ ਦੇ ਪੱਧਰ ਅਨੁਸਾਰ ਸਾਰੀਆਂ ਸਹੂਲਤਾਂ ਨਾਲ 225 ਕਮਰੇ ਹਨ। ਵਰਲਡ ਕੱਪ ਪਿੰਡ ‘ਚ ਆਗਾਮੀ ਹਾਕੀ ਵਰਲਡ ਕੱਪ ‘ਚ ਖੇਡਣ ਵਾਲੀਆਂ ਟੀਮਾਂ ਅਤੇ ਅਧਿਕਾਰੀ ਠਹਿਰਨਗੇ ਅਤੇ ਕੁਝ ਟੀਮਾਂ ਨੇ ਇੰਡੀਆ ਆਉਣਾ ਸ਼ੁਰੂ ਕਰ ਦਿੱਤਾ ਹੈ।