ਸਾਬਕਾ ਚੈਂਪੀਅਨ ਬੈਲਜੀਅਮ ਦੀ ਟੀਮ ਐੱਫ.ਆਈ.ਐੱਚ. ਹਾਕੀ ਪੁਰਸ਼ ਵਰਲਡ ਕੱਪ 2023 ‘ਚ ਹਿੱਸਾ ਲੈਣ ਲਈ ਓਡੀਸ਼ਾ ਪੁੱਜੀ ਜਿਸ ਦਾ ਪ੍ਰਸ਼ੰਸਕਾਂ ਨੇ ਸ਼ਾਨਦਾਰ ਸਵਾਗਤ ਕੀਤਾ। ਬੈਲਜੀਅਮ ਨੂੰ ਜਰਮਨੀ, ਜਾਪਾਨ ਅਤੇ ਕੋਰੀਆ ਦੇ ਨਾਲ ਪੂਲ ਬੀ ‘ਚ ਰੱਖਿਆ ਗਿਆ ਹੈ ਅਤੇ ਉਹ 14 ਜਨਵਰੀ ਨੂੰ ਭੁਵਨੇਸ਼ਵਰ ‘ਚ ਕੋਰੀਆ ਦੇ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਬੈਲਜੀਅਮ ਦੀ ਟੀਮ ਕਪਤਾਨ ਫੇਲਿਕਸ ਡੇਨੇਅਰ ਦੀ ਅਗਵਾਈ ‘ਚ ਆਪਣੇ 2018 ਪੁਰਸ਼ ਹਾਕੀ ਵਰਲਡ ਕੱਪ ਪ੍ਰਦਰਸ਼ਨ ਨੂੰ ਦੁਹਰਾਉਣ ਅਤੇ ਟਰਾਫੀ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ ਅਤੇ ਜੇਕਰ ਬੈਲਜੀਅਮ ਇਸ ਕਾਰਨਾਮੇ ਨੂੰ ਮੁੜ ਦੁਹਰਾਉਣ ‘ਚ ਕਾਮਯਾਬ ਰਹਿੰਦਾ ਹੈ ਤਾਂ ਉਹ ਲਗਾਤਾਰ ਦੋ ਐਡੀਸ਼ਨ ਜਿੱਤਣ ਵਾਲੀ ਚੌਥੀ ਟੀਮ ਬਣ ਜਾਵੇਗੀ। ਇਸ ਤੋਂ ਪਹਿਲਾਂ ਪਾਕਿਸਤਾਨ, ਜਰਮਨੀ ਅਤੇ ਆਸਟਰੇਲੀਆ ਲਗਾਤਾਰ ਦੋ ਵਾਰ ਵਰਲਡ ਕੱਪ ਟਰਾਫੀ ਜਿੱਤਣ ਦਾ ਮਾਣ ਹਾਸਲ ਕਰ ਚੁੱਕੇ ਹਨ। ਪਾਕਿਸਤਾਨ ਨੇ 1978 ਅਤੇ 1982 ‘ਚ ਹਾਕੀ ਵਰਲਡ ਕੱਪ ਜਿੱਤਿਆ ਸੀ ਜਦਕਿ ਜਰਮਨੀ 2002 ਅਤੇ 2006 ‘ਚ ਇਹ ਉਪਲਬਧੀ ਹਾਸਲ ਕਰਨ ਵਾਲਾ ਦੂਜਾ ਦੇਸ਼ ਬਣ ਗਿਆ ਸੀ। ਇਸ ਤੋਂ ਇਲਾਵਾ ਆਸਟਰੇਲੀਆ ਨੇ 2010 ਅਤੇ 2014 ਵਰਲਡ ਕੱਪ ਦੇ ਖਿਤਾਬੀ ਮੁਕਾਬਲੇ ਜਿੱਤੇ ਹਨ। ਭੁਵਨੇਸ਼ਵਰ ‘ਚ ਪਹੁੰਚਣ ਤੋਂ ਬਾਅਦ ਬੈਲਜੀਅਮ ਦੇ ਕਪਤਾਨ ਨੇ ਕਿਹਾ, ‘ਅਸੀਂ ਇਥੇ ਵਰਲਡ ਕੱਪ ਟਰਾਫੀ ਨੂੰ ਬਰਕਰਾਰ ਰੱਖਣ ਦੇ ਇਰਾਦੇ ਨਾਲ ਆਏ ਹਾਂ। ਇਸ ਤੋਂ ਪਹਿਲਾਂ ਅਸੀਂ ਸਪੇਨ ‘ਚ ਇਕ ਟ੍ਰੇਨਿੰਗ ਕੈਂਪ ‘ਚ ਹਿੱਸਾ ਲਿਆ ਸੀ ਜਿੱਥੇ ਅਸੀਂ ਆਪਣੇ ਸਾਰੇ ਮੈਚ ਜਿੱਤੇ ਸਨ। ਸਾਡੇ ਖਿਡਾਰੀ ਆਤਮਵਿਸ਼ਵਾਸ ਨਾਲ ਭਰੇ ਹੋਏ ਹਨ ਅਤੇ ਇਸ ਨਾਲ ਸਾਨੂੰ ਵਰਲਡ ਕੱਪ ਦੀ ਮੁਹਿੰਮ ਆਸਾਨ ਬਣਾਉਣ ‘ਚ ਮਦਦ ਮਿਲੇਗੀ। ਅਸੀਂ ਜਾਣਦੇ ਹਾਂ ਕਿ ਸਾਡੇ ਤੋਂ ਇਲਾਵਾ ਹੋਰ ਟੀਮਾਂ ਵੀ ਪੂਰੀ ਤਿਆਰੀ ਨਾਲ ਇਥੇ ਆਈਆਂ ਹਨ, ਇਸ ਲਈ ਸਾਨੂੰ ਹਰ ਮੈਚ ਦਿਲਚਸਪ ਹੋਣ ਦੀ ਉਮੀਦ ਹੈ ਪਰ ਸਾਨੂੰ ਯਕੀਨ ਹੈ ਕਿ ਟੀਮ ਦਾ ਹਰ ਮੈਂਬਰ ਇਸ ਸਖ਼ਤ ਮੁਕਾਬਲੇ ‘ਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਹੈ।’