ਵਰਜੀਨੀਆ ਯੂਨੀਵਰਸਿਟੀ ‘ਚ ਫਾਇਰਿੰਗ ‘ਚ 3 ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਜ਼ਖਮੀ ਹੋ ਗਏ। ਸਥਾਨਕ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਇਕ ਵਿਦਿਆਰਥੀ ‘ਤੇ ਸ਼ੱਕ ਹੋਇਆ ਹੈ ਜਿਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਨੇ ਹਮਲੇ ‘ਚ ਇਕ ਵਿਦਿਆਰਥੀ ਨੂੰ ਸ਼ੱਕੀ ਵਜੋਂ ਨਾਮਜ਼ਦ ਕੀਤਾ ਹੈ। ਨਾਲ ਹੀ ਉਸ ਦੀ ਪਛਾਣ ਵੀ ਜਨਤਕ ਕੀਤੀ ਗਈ ਹੈ। ਸ਼ੱਕੀ ਵਿਦਿਆਰਥੀ ਦੀ ਵੱਡੇ ਪੱਧਰ ‘ਤੇ ਭਾਲ ਜਾਰੀ ਹੈ। ਗੋਲੀਬਾਰੀ ਦੀ ਇਹ ਘਟਨਾ ਐਤਵਾਰ ਦੇਰ ਸ਼ਾਮ ਨੂੰ ਵਾਪਰੀ। ਯੂਨੀਵਰਸਿਟੀ ਪੁਲੀਸ ਨੇ ਇਕ ਟਵੀਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਨਾਲ ਹੀ ਪੁਲੀਸ ਨੇ ਸ਼ੱਕੀ ਨੂੰ ਖਤਰਨਾਕ ਦੱਸਿਆ ਹੈ। ਪੁਲੀਸ ਨੇ ਦੱਸਿਆ ਕਿ ਸ਼ੱਕੀ ਹਮਲਾਵਰ ਦੀ ਭਾਲ ਪੂਰੀ ਚੌਕਸੀ ਨਾਲ ਕੀਤੀ ਜਾ ਰਹੀ ਹੈ। ਇਕ ਹੋਰ ਜਾਣਕਾਰੀ ਮੁਤਾਬਕ ਯੂਨੀਵਰਸਿਟੀ ਪੁਲੀਸ ਨੇ ਇਕ ਵਿਦਿਆਰਥੀ ਕ੍ਰਿਸਟੋਫਰ ਡਾਰਨਲ ਜੋਨਸ ਨੂੰ ਸ਼ੱਕੀ ਵਜੋਂ ਨਾਮਜ਼ਦ ਕੀਤਾ ਹੈ। ਪੁਲੀਸ ਮੁਤਾਬਕ ਕਾਲੇ ਰੰਗ ਦੀ ਐੱਸ.ਯੂ.ਵੀ. ‘ਚ ਆਏ ਸ਼ੱਕੀ ਨੇ ਬਰਗੰਡੀ ਜੈਕੇਟ, ਨੀਲੀ ਜੀਨਸ ਅਤੇ ਲਾਲ ਜੁੱਤੀ ਪਾਈ ਹੋਈ ਸੀ। ਯੂਨੀਵਰਸਿਟੀ ਦੇ ਉਪ ਪ੍ਰਧਾਨ ਨੇ ਵਿਦਿਆਰਥੀਆਂ ਨੂੰ ਈਮੇਲ ਭੇਜੀ ਹੈ। ਸਾਰੇ ਵਿਦਿਆਰਥੀਆਂ ਨੂੰ ਸੁਰੱਖਿਆ ਲਈ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। ਵਰਜੀਨੀਆ ਯੂਨੀਵਰਸਿਟੀ ਦੀ ਘਟਨਾ ਅਮਰੀਕਾ ‘ਚ ਕਾਲਜ ਅਤੇ ਹਾਈ ਸਕੂਲ ਕੈਂਪਸ ‘ਚ ਗੋਲੀਬਾਰੀ ਦੀ ਇਕ ਲੜੀ ‘ਚ ਤਾਜ਼ਾ ਘਟਨਾ ਹੈ। ਅਜਿਹੀਆਂ ਖੂਨ-ਖਰਾਬੇ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਅਮਰੀਕਾ ‘ਚ ਬੰਦੂਕਾਂ ਦੀ ਪਹੁੰਚ ‘ਤੇ ਸਖਤ ਪਾਬੰਦੀਆਂ ‘ਤੇ ਚਰਚਾ ਸ਼ੁਰੂ ਹੋ ਗਈ ਹੈ।