ਸਰਕਾਰੀ ਵਿਭਾਗ ’ਚ ਕੰਮਕਾਜ ਦਾ ਇਕ ਢੰਗ-ਤਰੀਕਾ ਤੇ ਨਿਯਮ ਬਣੇ ਹੋਏ ਹਨ। ਵਿਭਾਗ ਦਾ ਕੋਈ ਮੁਖੀ ਹੁੰਦਾ ਹੈ। ਉਸ ’ਤੇ ਐੱਸ.ਡੀ.ਐੱਮ. ਤੇ ਡਿਪਟੀ ਕਮਿਸ਼ਨਰ। ਫਿਰ ਪੰਜਾਬ ਪੱਧਰ ’ਤੇ ਸਕੱਤਰ ਤੇ ਮੰਤਰੀ। ਪਰ ਸੱਤਾ ’ਚ ਆਈ ਆਮ ਆਦਮੀ ਸਰਕਾਰੀ ਵਿਭਾਗਾਂ ਦੇ ਪਾਰਟੀ ਵਰਕਰਾਂ ਨੂੰ ਇੰਚਾਰਜ ਥਾਪ ਕੇ ਇਕ ਨਵੇਂ ਵਿਵਾਦ ’ਚ ਘਿਰ ਗਈ ਹੈ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਹਲਕਾ ਨਾਭਾ ਤੋਂ ‘ਆਪ’ ਵਿਧਾਇਕ ਗੁਰਦੇਵ ਸਿੰਘ ਮਾਨ ਵੱਲੋਂ ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਪਾਰਟੀ ਵਰਕਰਾਂ ਨੂੰ ਇੰਚਾਰਜ ਥਾਪਣ ਦਾ ਵਿਰੋਧ ਕੀਤਾ ਹੈ। ਖਹਿਰਾ ਨੇ ਟਵੀਟ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ, ‘ਜੇਕਰ ਤੁਹਾਡੇ ਵਿਧਾਇਕਾਂ ਨੇ ਸਰਕਾਰੀ ਵਿਭਾਗ ’ਚ ਆਪਣੇ ‘ਨੇਡ਼ਲਿਆਂ’ ਨੂੰ ਹੀ ਇੰਚਾਰਜ ਥਾਪਣਾ ਹੈ ਤਾਂ ਅਫਸਰਸ਼ਾਹੀ ਨੂੰ ਘਰ ਤੋਰ ਦਿੱਤਾ ਜਾਵੇ ਅਤੇ ਸਰਕਾਰ ਦੀ ਕਾਰਜ ਪ੍ਰਣਾਲੀ ਇਨ੍ਹਾਂ ਦੇ ਹੱਥ ਕਿਉਂ ਨਾ ਦਿਓ?’ ਇਸ ਸਬੰਧੀ ਫੋਨ ’ਤੇ ਗੱਲਬਾਤ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਇਸ ਤਰ੍ਹਾਂ ਇੰਚਾਰਜ ਥਾਪਣ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ। ਇਹ ਸਰਕਾਰੀ ਕੰਮ ਉੱਪਰ ਆਪਣਾ ਦਬਾਅ ਬਣਾਉਣ ਦਾ ਤਰੀਕਾ ਹੈ। ਜਿਹਡ਼ੀ ਪਾਰਟੀ ਹਲਕਾ ਇੰਚਾਰਜ ਪ੍ਰਥਾ ਦਾ ਵਿਰੋਧ ਕਰਦੀ ਸੀ, ਉਹ ਅੱਜ ਵਿਭਾਗਾਂ ’ਚ ਆਪਣੇ ਇੰਚਾਰਜ ਥਾਪ ਰਹੀ ਹੈ। ਜ਼ਿਕਰਯੋਗ ਹੈ ਕਿ ਵਿਧਾਇਕ ਦੇਵ ਮਾਨ ਵੱਲੋਂ ਖੁਰਾਕ, ਪੰਚਾਇਤ, ਮਾਲ ਤੇ ਹੋਰ ਵਿਭਾਗਾਂ ’ਚ ਪਾਰਟੀ ਵਰਕਰ ਨੂੰ ਇੰਚਾਰਜ ਥਾਪੇ ਗਏ ਹਨ। ਇਸ ਸਬੰਧੀ ‘ਆਪ’ ਵਰਕਰ ਸੋਸ਼ਲ ਮੀਡੀਆ ’ਤੇ ਦੇਵ ਮਾਨ ਲਈ ਧੰਨਵਾਦੀ ਪੋਸਟਰ ਵੀ ਸਾਂਝੇ ਕਰ ਰਹੇ ਹਨ, ਜਿਨ੍ਹਾਂ ਵਿੱਚੋਂ ਸੁਖਪਾਲ ਖਹਿਰਾ ਨੇ ਕੁਝ ਪੋਸਟਰ ਮੁੱਖ ਮੰਤਰੀ ਨੂੰ ਟੈਗ ਕੀਤੇ ਹਨ। ਇਸ ਸਬੰਧੀ ਵਿਧਾਇਕ ਦੇਵ ਮਾਨ ਨੇ ਦੱਸਿਆ ਕਿ ਇਹ ਇੰਚਾਰਜ ਲੋਕਾਂ ਦੀ ਸਹੂਲਤ ਲਈ ਲਗਾਏ ਗਏ ਹਨ ਤਾਂ ਕਿ ਉਨ੍ਹਾਂ ਨੂੰ ਸਰਕਾਰੀ ਦਫ਼ਤਰਾਂ ’ਚ ਕੋਈ ਦਿੱਕਤ ਪੇਸ਼ ਨਾ ਆਵੇ। ਦੇਵ ਮਾਨ ਨੇ ਦੱਸਿਆ ਕਿ ਉਨ੍ਹਾਂ ਕੋਲ ਰੋਜ਼ਾਨਾ ਸੈਂਕਡ਼ੇ ਲੋਕ ਸਰਕਾਰੀ ਦਫ਼ਤਰਾਂ ਦੇ ਕੰਮ ਲੈ ਕੇ ਆਉਂਦੇ ਹਨ ਤੇ ਉਹ ਇਕੱਲੇ ਹਰ ਥਾਂ ਹਾਜ਼ਰ ਨਹੀਂ ਹੋ ਸਕਦੇ। ਇਸ ਲਈ ਇਹ ਇੰਚਾਰਜ ਵਿਭਾਗ ਅਤੇ ਲੋਕਾਂ ਵਿਚਾਲੇ ਕਡ਼ੀ ਵਜੋਂ ਕੰਮ ਕਰਨਗੇ। ਅਗਲੇ ਦਿਨਾਂ ’ਚ ਇਹ ਮੁੱਦਾ ਹੋਰ ਭਖ਼ ਸਕਦਾ ਹੈ।