ਵੈਨੇਜ਼ੁਏਲਾ ਦੀ ਚੋਟੀ ਦੀ ਐਥਲੀਟ ਯੂਲੀਮਾਰ ਰੋਜਸ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ’ਚ ਤੀਹਰੀ ਛਾਲ ਦਾ ਤੀਜਾ ਵਿਸ਼ਵ ਚੈਂਪੀਅਨਸ਼ਿਪ ਖ਼ਿਤਾਬ ਜਿੱਤ ਲਿਆ ਹੈ। ਰੋਜਸ ਨੇ ਹੇਵਰਡ ਫੀਲਡ ’ਚ ਹੋਏ ਫਾਈਨਲ ’ਚ 15.47 ਮੀਟਰ ਦੀ ਕੋਸ਼ਿਸ਼ ਨਾਲ ਸੋਨ ਤਗਮਾ ਜਿੱਤਿਆ, ਜੋ ਚੈਂਪੀਅਨਸ਼ਿਪ ਰਿਕਾਰਡ ਤੋਂ ਸਿਰਫ਼ ਤਿੰਨ ਸੈਂਟੀਮੀਟਰ ਘੱਟ ਹੈ। ਓਲੰਪਿਕ ਚਾਂਦੀ ਤਗਮਾ ਜੇਤੂ ਜਮਾਇਕਾ ਦੀ ਸ਼ਨੀਕਾ ਰਿਕੇਟਸ ਨੇ 14.89 ਮੀਟਰ ਦੀ ਕੋਸ਼ਿਸ਼ ਨਾਲ ਚਾਂਦੀ ਦਾ ਤਗਮਾ ਜਿੱਤਿਆ। ਅਮਰੀਕਾ ਦੀ ਟੋਰੀ ਫ੍ਰੈਂਕਲਿਨ ਨੇ ਸੀਜ਼ਨ ਦੇ ਸਰਵੋਤਮ 14.72 ਮੀਟਰ ਦੀ ਬਦੌਲਤ ਵਿਸ਼ਵ ਚੈਂਪੀਅਨਸ਼ਿਪ ਵਿਚ ਅਤੇ ਘਰੇਲੂ ਧਰਤੀ ’ਤੇ ਇਸ ਮੁਕਾਬਲੇ ’ਚ ਆਪਣੇ ਦੇਸ਼ ਨੂੰ ਪਹਿਲਾ ਤਗਮਾ ਦਿਵਾਇਆ। ਰੋਜਸ ਨੇ ਕਿਹਾ, ‘ਮੈਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ ਹੈ। ਮੈਂ ਹੋਰ ਵੀ ਉੱਚੀ ਛਾਲ ਮਾਰਨਾ ਚਾਹੁੰਦੀ ਸੀ, ਪਰ ਮੈਂ ਇਸ ਖ਼ੂਬਸੂਰਤ ਸਟੇਡੀਅਮ ’ਚ ਭੀਡ਼ ਨੂੰ ਦੇਖਣ ਲਈ ਵਾਪਸ ਆ ਕੇ ਖੁਸ਼ ਹਾਂ। ਅੱਗੇ ਵੀ ਚੈਂਪੀਅਨਸ਼ਿਪਾਂ ਹੋਣਗੀਆਂ ਅਤੇ ਮੈਨੂੰ ਉਮੀਦ ਹੈ ਕਿ ਮੈਂ ਆਪਣੇ ਦੇਸ਼ ਲਈ ਖ਼ਿਤਾਬ ਜਿੱਤਣਾ ਜਾਰੀ ਰੱਖਾਂਗੀ।’