ਦਿੱਲੀ ਦੇ ਜੰਤਰ ਮੰਤਰ ‘ਤੇ ਧਰਨਾ ਦੇ ਰਹੇ ਪਹਿਲਵਾਨਾਂ ਨਾਲ ਅੱਜ ਪੀ.ਟੀ. ਊਸ਼ਾ ਨੇ ਮੁਲਾਕਾਤ ਕਰਕੇ ਸਮਰੱਥਨ ਦਾ ਭਰੋਸਾ ਦਿੱਤਾ। ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀਟੀ ਊਸ਼ਾ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਹਟਾਉਣ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀ ਭਲਵਾਨਾਂ ਨਾਲ ਮੁਲਾਕਾਤ ਕੀਤੀ। ਸਾਬਕਾ ਕੌਮਾਂਤਰੀ ਅਥਲੀਟ ਪੀ.ਟੀ. ਊਸ਼ਾ ਰਾਸ਼ਟਰੀ ਰਾਜਧਾਨੀ ਦੇ ਜੰਤਰ-ਮੰਤਰ ‘ਤੇ ਪਹੁੰਚੀ, ਜਿਥੇ ਭਲਵਾਨ 11 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਭਲਵਾਨਾਂ ਨੂੰ ਸਮਰਥਨ ਦਾ ਭਰੋਸਾ ਦਿੱਤਾ। ਇਸ ਤੋਂ ਪਹਿਲਾਂ ਊਸ਼ਾ ਨੇ 27 ਅਪ੍ਰੈਲ ਨੂੰ ਕਿਹਾ ਸੀ ਕਿ ਪਹਿਲਵਾਨਾਂ ਨੂੰ ਪ੍ਰਦਰਸ਼ਨ ਕਰਨ ਦੀ ਥਾਂ ਉਨ੍ਹਾਂ ਨਾਲ ਸੰਪਰਕ ਕਰਨਾ ਚਾਹੀਦਾ ਸੀ। ਪ੍ਰਦਰਸ਼ਨ ਕਾਰਨ ਦੇਸ਼ ਦਾ ਅਕਸ ਖਰਾਬ ਹੋ ਰਿਹਾ ਹੈ। ਇਸ ਤੋਂ ਪਹਿਲਾਂ ਇੰਡੀਆ ਦੀ ਚੋਟੀ ਦੀ ਪਹਿਲਵਾਨ ਵਿਨੇਸ਼ ਫੋਗਾਟ ਨੇ ਕਿਹਾ ਹੈ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਰਗੇ ਤਾਕਤਵਰ ਵਿਅਕਤੀ ਖ਼ਿਲਾਫ਼ ਖੜ੍ਹਨਾ ਮੁਸ਼ਕਲ ਹੈ, ਜਿਹੜਾ ਲੰਬੇ ਸਮੇਂ ਤੱਕ ਆਪਣੀ ਸ਼ਕਤੀ ਤੇ ਅਹੁਦੇ ਦੀ ਦੁਰਵਰਤੋਂ ਕਰਦਾ ਰਿਹਾ। ਉਨ੍ਹਾਂ ਖੁਲਾਸਾ ਕੀਤਾ ਕਿ ਪਹਿਲੀ ਵਾਰ ਜੰਤਰ-ਮੰਤਰ ਵਿਖੇ ਧਰਨਾ ਸ਼ੁਰੂ ਕਰਨ ਤੋਂ ਪਹਿਲਾਂ ਭਲਵਾਨਾਂ ਨੇ ਇਕ ਅਧਿਕਾਰੀ ਨਾਲ ਮੁਲਾਕਾਤ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਵਿਨੇਸ਼ ਨੇ ਕਿਹਾ, ‘ਜੰਤਰ-ਮੰਤਰ ‘ਤੇ ਧਰਨੇ ਤੋਂ ਤਿੰਨ-ਚਾਰ ਮਹੀਨੇ ਪਹਿਲਾਂ ਅਸੀਂ ਇਕ ਅਧਿਕਾਰੀ ਨੂੰ ਮਿਲੇ ਸੀ, ਅਸੀਂ ਉਨ੍ਹਾਂ ਨੂੰ ਸਭ ਕੁਝ ਦੱਸਿਆ ਸੀ ਕਿ ਕਿਸ ਤਰ੍ਹਾਂ ਮਹਿਲਾ ਐਥਲੀਟਾਂ ਦਾ ਜਿਨਸੀ ਸ਼ੋਸ਼ਣ ਤੇ ਮਾਨਸਿਕ ਤੌਰ ‘ਤੇ ਤਸ਼ੱਦਦ ਕੀਤਾ ਜਾਂਦਾ ਹੈ, ਜਦੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਅਸੀਂ ਧਰਨੇ ‘ਤੇ ਬੈਠ ਗਏ।’ ਵਿਨੇਸ਼ ਫੋਗਾਟ ਨੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ‘ਤੇ ਵੀ ਕੋਈ ਕਾਰਵਾਈ ਨਾ ਕਰਨ ਤੇ ਕਮੇਟੀ ਬਣਾ ਕੇ ਮਾਮਲੇ ਨੂੰ ਦਬਾਉਣ ਨੂੰ ਲੈ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ, ‘ਅਸੀਂ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਗੱਲ ਕਰਨ ਤੋਂ ਬਾਅਦ ਆਪਣਾ ਵਿਰੋਧ ਖ਼ਤਮ ਕਰ ਦਿੱਤਾ ਤੇ ਸਾਰੇ ਐਥਲੀਟਾਂ ਨੇ ਉਨ੍ਹਾਂ ਨੂੰ ਜਿਨਸੀ ਸ਼ੋਸ਼ਣ ਬਾਰੇ ਦੱਸਿਆ ਸੀ। ਕਮੇਟੀ ਬਣਾ ਕੇ ਉਨ੍ਹਾਂ ਨੇ ਉਥੇ ਹੀ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਉਸ ਸਮੇਂ ਕੋਈ ਕਾਰਵਾਈ ਨਹੀਂ ਹੋਈ।