ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ 28 ਸਾਲਾ ਵਿਧਾਇਕਾ ਨਰਿੰਦਰ ਕੌਰ ਭਰਾਜ ਅੱਜ ਵਿਆਹ ਦੇ ਬੰਧਨ ‘ਚ ਬੱਝ ਗਏ। ਉਨ੍ਹਾਂ ਦੀਆਂ ਲਾਵਾਂ ਪਟਿਆਲਾ ਨਜ਼ਦੀਕ ਪਿੰਡ ਰੋੜੇਵਾਲ ਦੇ ਡੇਰਾ ਬਾਬਾ ਪੂਰਨ ਦਾਸ ‘ਚ ਪੜ੍ਹੀਆਂ ਗਈਆਂ। ਉਨ੍ਹਾਂ ਦਾ ਵਿਆਹ ਸੰਗਰੂਰ ਜ਼ਿਲ੍ਹੇ ਦੇ ਪਿੰਡ ਲੱਖੇਵਾਲ ਦੇ ਕਿਸਾਨ ਪਰਿਵਾਰ ਦੇ ਮਨਦੀਪ ਸਿੰਘ ਨਾਲ ਹੋਇਆ। ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਸ਼ਾਮਲ ਹੋਏ। ਪਰ ਪਟਿਆਲਾ ਦਾ ਕੋਈ ਵੀ ਵਿਧਾਇਕ ਇਸ ਵੇਲੇ ਹਾਜ਼ਰ ਨਹੀਂ ਸੀ ਕਿਉਂਕਿ ਪਰਿਵਾਰ ਨੇ ਆਪਣਾ ਨਿੱਜੀ ਅਤੇ ਸਾਦਾ ਪ੍ਰੋਗਰਾਮ ਹੀ ਰੱਖਿਆ ਗਿਆ ਸੀ। ਇਸ ਵੇਲੇ ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਵੀ ਸ਼ਾਮਲ ਹੋਏ। ਨਰਿੰਦਰ ਕੌਰ ਭਰਾਜ ਨੇ ਸੰਗਰੂਰ ‘ਚ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ। ਪਿੰਡ ਭਰਾਜ ‘ਚ ਗੁਰਨਾਮ ਸਿੰਘ ਦੇ ਘਰ ਜਨਮੀ ਨਰਿੰਦਰ ਕੌਰ ਸੰਗਰੂਰ ਜ਼ਿਲ੍ਹੇ ‘ਚ ਵੱਡੇ ਮੁਕਾਮ ‘ਤੇ ਪੁੱਜੀ। ਉਸ ਨੇ ਪੰਜਾਬੀ ਯੂਨੀਵਰਸਿਟੀ ‘ਚ ਸਮਾਜ ਵਿਗਿਆਨ ਤੋਂ ਪੋਸਟ ਗਰੈਜੂਏਸ਼ਨ ਕੀਤੀ ਹੋਈ ਹੈ। ਉਸਦਾ ਪਤੀ ਮਨਦੀਪ ਸਿੰਘ ਵੀ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਇਸ ਸਮੇਂ ਜ਼ਿਲ੍ਹਾ ਇੰਚਾਰਜ ਹੈ।