ਇੰਡੀਆ ਦੇ ਵੱਖ-ਵੱਖ ਏਅਰਪੋਰਟਾਂ ‘ਤੇ ਵਿਦੇਸ਼ਾਂ ਤੋਂ ਪੁੱਜੇ ਯਾਤਰੀਆਂ ‘ਚੋਂ 29 ਜਣੇ ਕਰੋਨਾ ਪੀੜਤ ਪਾਏ ਗਏ ਹਨ। ਬੇਂਗਲੂਰੂ ਦੇ ਕੇਂਪੇਗੌੜਾ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚੇ 12 ਲੋਕਾਂ ‘ਚ ਕਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਦਿੱਲੀ ‘ਚ ਅਜਿਹੇ 4, ਕੋਲਕਾਤਾ ‘ਚ 2 ਅਤੇ ਬੋਧ ਗਯਾ ‘ਚ 11 ਮਾਮਲੇ ਸਾਹਮਣੇ ਆਏ। ਹਾਂਗਕਾਂਗ, ਅਮਰੀਕਾ, ਥਾਈਲੈਂਡ, ਆਸਟਰੇਲੀਆ ਤੇ ਸਿੰਗਾਪੁਰ ਤੋਂ ਇਥੇ ਆਉਣ ਵਾਲੇ ਯਾਤਰੀਆਂ ‘ਚ ਕਰੋਨਾ ਦਾ ਵਾਇਰਸ ਦੇਖਿਆ ਗਿਆ ਹੈ। ਸਰਕਾਰ ਨੇ ਕਰੋਨਾ ਦੀ ਰੋਕਥਾਮ ਲਈ ਜੰਗੀ ਪੱਧਰ ‘ਤੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਵਿਦੇਸ਼ਾਂ ਤੋਂ ਇੰਡੀਆ ਆਉਣ ਵਾਲੇ ਯਾਤਰੀਆਂ ‘ਚ ਲਗਾਤਾਰ ਕਰੋਨਾ ਦੀ ਪੁਸ਼ਟੀ ਹੋ ਰਹੀ ਹੈ। ਉਧਰ ਵਿਸ਼ਵ ਪੱਧਰ ‘ਤੇ ਕੋਵਿਡ-19 ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਕਰਨਾਟਕ ਸਰਕਾਰ ਨੇ ਸੋਮਵਾਰ ਨੂੰ ਕਈ ਅਹਿਤਿਆਤੀ ਕਦਮ ਚੁੱਕੇ ਜਿਨ੍ਹਾਂ ‘ਚ ਸਿਨੇਮਾਘਰਾਂ ਅਤੇ ਸਿੱਖਿਆ ਸੰਸਥਾਨਾਂ ‘ਚ ਮਾਸਕ ਨੂੰ ਜ਼ਰੂਰੀ ਬਣਾਉਣਾ ਅਤੇ ਬਜ਼ੁਰਗਾਂ ਸਮੇਤ ਜ਼ਿਆਦਾ ਖਤਰੇ ਵਾਲੀ ਆਬਾਦੀ ਨੂੰ ਭੀੜ-ਭਾੜ ਵਾਲੇ ਇਲਾਕਿਆਂ ਤੋਂ ਬਚਣ ਦੀ ਸਲਾਹ ਸ਼ਾਮਲ ਹੈ। ਸਰਕਾਰ ਨੇ ਨਿਰਦੇਸ਼ ਦਿੱਤਾ ਹੈ ਕਿ ਬਾਰ, ਰੈਸਟੋਰੈਂਟਾਂ ਅਤੇ ਪਬ ‘ਚ ਸਿਰਫ ਉਨ੍ਹਾਂ ਲੋਕਾਂ ਨੂੰ ਜਾਣ ਦਿੱਤਾ ਜਾਵੇ, ਜਿਨ੍ਹਾਂ ਨੇ ਕੋਵਿਡ-19 ਤੋਂ ਬਚਾਅ ਲਈ ਟੀਕੇ ਦੀਆਂ ਦੋ ਖੁਰਾਕਾਂ ਲਈਆਂ ਹਨ। ਅਜਿਹੇ ਸਥਾਨਾਂ ਨੂੰ ਨਵੇਂ ਸਾਲ ‘ਤੇ ਬੈਠਣ ਦੀ ਸਮਰਥਾ ਦੇ ਬਰਾਬਰ ਹੀ ਮਹਿਮਾਨਾਂ ਦੀ ਮੇਜ਼ਬਾਨੀ ਕਰਨ ਲਈ ਕਿਹਾ ਗਿਆ ਹੈ। ਇਕ ਜਨਵਰੀ ਨੂੰ ਨਵੇਂ ਸਾਲ ਦਾ ਜਸ਼ਨ ਵੀ ਰਾਤ ਇਕ ਵਜੇ ਤੱਕ ਖਤਮ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਦੇ ਨਾਲ ਨਵੇਂ ਸਾਲ ‘ਤੇ ਭੀੜ-ਭਾੜ ਵਾਲੇ ਸਥਾਨਾਂ ‘ਤੇ ਮਾਸਕ ਨੂੰ ਜ਼ਰੂਰੀ ਕੀਤਾ ਗਿਆ ਹੈ।