ਤਾਮਿਲਨਾਡੂ ਦੇ ਕੱਲਾਕੁਰਿਚੀ ਨੇਡ਼ੇ ਇਕ ਵਿਦਿਆਰਥਣ ਦੀ ਮੌਤ ਤੋਂ ਬਾਅਦ ਹਿੰਸਾ ਭਡ਼ਕ ਪਈ ਅਤੇ ਗੁੱਸੇ ’ਚ ਆਏ ਲੋਕਾਂ ਨੇ ਕਈ ਵਾਹਨ ਸਾਡ਼ ਦਿੱਤੇ ਤੇ ਪਥਰਾਅ ਵੀ ਕੀਤਾ। ਇਸੇ ਦੌਰਾਨ ਪੁਲੀਸ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਹਾਲਾਤ ਕਾਬੂ ਹੇਠ ਕਰਨ ਲਈ ਪੁਲੀਸ ਨੂੰ ਘੱਟੋ-ਘੱਟ ਦੋ ਵਾਰ ਹਵਾਈ ਫਾਇਰ ਕਰਨੇ ਪਏ। ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਪੁਲੀਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ ਚਿੰਨਾਸਲੇਮ ਸਥਿਤ ਇੱਕ ਸਕੂਲ ’ਚ ਪੁਲੀਸ ਵੱਲੋਂ ਲਾਏ ਅਡ਼ਿੱਕੇ ਤੋਡ਼ ਕੇ ਅੰਦਰ ਦਾਖਲ ਹੋ ਗਏ ਤੇ ਉਨ੍ਹਾਂ ਕੈਂਪਸ ਅੰਦਰ ਖਡ਼੍ਹੀਆਂ ਬੱਸਾਂ ਸਾਡ਼ ਦਿੱਤੀਆਂ। ਉਨ੍ਹਾਂ ਦੱਸਿਆ ਕਿ ਕੁਝ ਲੋਕਾਂ ਨੇ ਪੁਲੀਸ ਦੀ ਬੱਸ ਵੀ ਸਾਡ਼ ਦਿੱਤੀ ਅਤੇ ਇਕ ਕਾਰ ਦੀ ਭੰਨ ਤੋਡ਼ ਵੀ ਕੀਤੀ। ਉਨ੍ਹਾਂ ਦੱਸਿਆ ਕਿ ਕਈ ਮੁਜ਼ਾਹਰਕਾਰੀਆਂ ਨੇ ਸਕੂਲ ਛੱਤ ’ਤੇ ਪਹੁੰਚ ਕੇ ਸਕੂਲ ਦੇ ਨਾਂ ਵਾਲਾ ਬੋਰਡ ਤੋਡ਼ ਕੇ ਮ੍ਰਿਤਕਾ ਲਈ ਇਨਸਾਫ਼ ਦੀ ਮੰਗ ਵਾਲੇ ਬੈਨਰ ਲਟਕਾ ਦਿੱਤੇ। ਮੁਜ਼ਾਹਰਾਕਾਰੀਆਂ ਨੇ ਸਕੂਲ ਦੇ ਫਰਨੀਚਰ ਦੀ ਭੰਨ-ਤੋਡ਼ ਵੀ ਕੀਤੀ। ਹਾਲਾਤ ਕਾਬੂ ਹੇਠ ਕਰਨ ਲਈ ਗੁਆਂਢੀ ਜ਼ਿਲ੍ਹਿਆਂ ਤੋਂ ਪੁਲੀਸ ਫੋਰਸ ਸੱਦੀ ਗਈ ਹੈ। ਡੀ.ਜੀ.ਪੀ. ਸੀ ਸ਼ੈਲੇਂਦਰ ਬਾਬੂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਤੇ ਹਿੰਸਾ ਕਰਨ ਵਾਲਿਆਂ ਨੂੰ ਕਾਰਵਾਈ ਦੀ ਚਿਤਾਵਨੀ ਦਿੱਤੀ। ਜ਼ਿਕਰਯੋਗ ਹੈ ਕਿ ਚਿੰਨਾਸਲੇਮ ਦੇ ਇਕ ਰਿਹਾਇਸ਼ੀ ਸਕੂਲ ਦੀ 17 ਸਾਲਾ ਵਿਦਿਆਰਥਣ 13 ਜੁਲਾਈ ਨੂੰ ਹੋਸਟਲ ’ਚ ਮ੍ਰਿਤਕ ਮਿਲੀ ਸੀ। ਪੋਸਟਮਾਰਟਮ ਰਿਪੋਰਟ ਅਨੁਸਾਰ ਵਿਦਿਆਰਥਣ ਦੀ ਮੌਤ ਤੋਂ ਪਹਿਲਾਂ ਉਸ ਦੇ ਸਰੀਰ ’ਤੇ ਸੱਟ ਦੇ ਨਿਸ਼ਾਨ ਸਨ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵਿਦਿਆਰਥਣ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਉਸ ਦੇ ਪਿੰਡ ਪੇਰੀਆਨਾਸਾਲੁਰ ਦੇ ਲੋਕ ਇਨਸਾਫ਼ ਲਈ ਲਗਾਤਾਰ ਰੋਸ ਮੁਜ਼ਾਹਰੇ ਕਰ ਰਹੇ ਹਨ।