ਪੰਜਾਬ ਸਰਕਾਰ ਵੱਲੋਂ ਲੁਧਿਆਣਾ ਨੇਡ਼ੇ ਮੱਤੇਵਾਡ਼ਾ ਦੇ ਜੰਗਲਾਂ ’ਚ 950 ਏਕਡ਼ ’ਚ ਲਾਇਆ ਜਾਣ ਵਾਲਾ ਟੈਕਸਟਾਈਲ ਪਾਰਕ ਰੱਦ ਦਿੱਤਾ ਗਿਆ ਹੈ। ਕੈਪਟਨ ਅਮਰਿਮਦਰ ਸਿੰਘ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਸਮੇਂ ਇਹ ਪ੍ਰਾਜੈਕਟ ਪਾਸ ਕਰਨ ਵੇਲੇ ਹੀ ਵਿਵਾਦਾ ’ਚ ਘਿਰ ਗਿਆ ਸੀ। ਉਦੋਂ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਨੇ ਇਸ ਦਾ ਵੱਡੀ ਪੱਧਰ ’ਤੇ ਵਿਰੋਧ ਕੀਤਾ ਸੀ। ਭਗਵੰਤ ਮਾਨ ਧਰਨੇ ’ਤੇ ਵੀ ਬੈਠੇ ਸਨ। ਪਰ ਸੱਤਾ ’ਚ ਆਉਂਦੇ ਹੀ ਆਮ ਆਦਮੀ ਪਾਰਟੀ ਸਰਕਾਰ ਦੀ ਅਗਵਾਈ ਕਰਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪ੍ਰਾਜੈਕਟ ਨੂੰ ਹਰੀ ਝੰਡੀ ਦੇ ਦਿੱਤੀ। ਇਹ ਪ੍ਰਾਜੈਕਟ ਲਾਉਣ ਲਈ ਜੰਗਲ ਦੇ ਉਜਾਡ਼ੇ ਤੇ ਹਜ਼ਾਰਾਂ ਦਰੱਖਤਾਂ ਦੀ ਕਟਾਈ ਦੇ ਮੱਦੇਨਜ਼ਰ ਲੋਕਾਂ ਤੇ ਜਥੇਬੰਦੀਆਂ ਨੇ ਵੱਡੀ ਪੱਧਰ ’ਤੇ ਵਿਰੋਧ ਸ਼ੁਰੂ ਕਰ ਦਿੱਤਾ। ਐਤਵਾਰ ਨੂੰ ਹੀ ਮੱਤੇਵਾਵਾ ਵਿਖੇ ਇਕ ਵੱਡਾ ਇਕੱਠ ਹੋਇਆ ਜਿਸ ’ਚ ਐਕਸ਼ਨ ਕਮੇਟੀ ਦੀ ਅਗਵਾਈ ’ਚ ਆਰ-ਪਾਰ ਦੀ ਲਡ਼ਾਈ ਦਾ ਬਿਗਲ ਵੱਜ ਗਿਆ। ਲੋਕ ਰੋਹ ਨੂੰ ਦੇਖਦੇ ਹੋਏ ਆਖਰ ‘ਆਪ’ ਸਰਕਾਰ ਨੇ ਇਹ ਪ੍ਰਾਜੈਕਟ ਰੱਦ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗਡ਼੍ਹ ’ਚ ਸੰਘਰਸ਼ ਦੀ ਅਗਵਾਈ ਕਰ ਰਹੀ ਸੰਘਰਸ਼ ਪਬਲਿਕ ਐਕਸ਼ਨ ਕਮੇਟੀ ਨਾਲ ਮੀਟਿੰਗ ਕੀਤੀ। ਮੀਟਿੰਗ ’ਚ ਮੱਤੇਵਾਡ਼ਾ ਪ੍ਰਾਜੈਕਟ ਨੂੰ ਰੱਦ ਕਰਨ ’ਤੇ ਸਹਿਮਤੀ ਬਣ ਗਈ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਇਸ ਪ੍ਰਾਜੈਕਟ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਅਤੇ ਇਕ ਵੀਡੀਓ ਰਾਹੀਂ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ। ਦੱਸਣਯੋਗ ਹੈ ਕਿ ਸਤਲੁਜ ਦਰਿਆ ਦੇ ਨਜ਼ਦੀਕ ਮੱਤੇਵਾਡ਼ਾ ਜੰਗਲ ਦੀ ਜ਼ਮੀਨ ਉੱਪਰ ਕਥਿਤ ਤੌਰ ’ਤੇ ਲਾਏ ਜਾਣ ਵਾਲੇ ਮੈਗਾ ਟੈਕਸਟਾਈਲ ਪਾਰਕ ਦੇ ਵਿਰੋਧ ’ਚ ਸਤਲੁਜ ਅਤੇ ਮੱਤੇਵਾਡ਼ਾ ਲਈ ਪਬਲਿਕ ਐਕਸ਼ਨ ਕਮੇਟੀ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਐਤਵਾਰ ਨੂੰ ਇਸ ਵਿਰੋਧ ਪ੍ਰਦਰਸ਼ਨ ’ਚ ਪੰਜਾਬ ਭਰ ਤੋਂ ਵਾਤਾਵਰਣ ਪ੍ਰੇਮੀ, ਕਿਸਾਨ ਜਥੇਬੰਦੀਆਂ, ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਵੱਡੇ ਪੱਧਰ ’ਤੇ ਸ਼ਮੂਲੀਅਤ ਕੀਤੀ। ਮੱਤੇਵਾਡ਼ਾ ਟੈਕਸਟਾਈਲ ਪ੍ਰਾਜੈਕਟ ਦਾ ਵਿਰੋਧ ਕਰਨ ਲਈ ਮੈਂਬਰ ਪਾਰਲੀਮੈਂਟ ਸੰਗਰੂਰ ਸਿਮਰਨਜੀਤ ਸਿੰਘ ਮਾਨ, ਕਿਸਾਨ ਆਗੂ ਬਲਦੇਵ ਸਿੰਘ ਸਿਰਸਾ, ਬਲਵੀਰ ਸਿੰਘ ਰਾਜੇਵਾਲ, ਨੌਜਵਾਨ ਆਗੂ ਲੱਖਾ ਸਿਧਾਣਾ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡ਼ਿੰਗ, ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਸੁਖਪਾਲ ਸਿੰਘ ਖਹਿਰਾ, ਹਲਕਾ ਸਾਹਨੇਵਾਲ ਇੰਚਾਰਜ ਵਿਕਰਮ ਸਿੰਘ ਬਾਜਵਾ, ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ, ਸਾਬਕਾ ਐੱੱਮ.ਪੀ. ਡਾ. ਧਰਮਵੀਰ ਗਾਂਧੀ, ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਮਹੇਸ਼ਇੰਦਰ ਸਿੰਘ ਗਰੇਵਾਲ, ਹਰਦੇਵ ਅਰਸ਼ੀ ਸਮੇਤ ਹੋਰ ਹਜ਼ਾਰਾਂ ਨੁਮਾਇੰਦੇ ਮੱਤੇਵਾਡ਼ਾ ਵਿਖੇ ਪਹੁੰਚੇ ਸਨ।