ਦੇਸ਼ ਦੀ ਵੰਡ ਤੋਂ ਬਾਅਦ ਇੰਡੀਆ ਅਤੇ ਪਾਕਿਸਤਾਨ ਦੋ ਮੁਲਕ ਬਣ ਗਏ ਅਤੇ ਉਸ ਵੇਲੇ ਲੱਖਾਂ ਪੰਜਾਬੀਆਂ ਦੀ ਮੌਤ ਹੋਈ ਅਤੇ ਕਈ ਪਰਿਵਾਰ ਸਦਾ ਲਈ ਵਿਛੜ ਗਏ। ਇਨ੍ਹਾਂ ‘ਚੋਂ ਕੁਝ ਹੁਣ ਸੱਤਰ ਸਾਲਾਂ ਬਾਅਦ ਮਿਲ ਰਹੇ ਹਨ। ਅਜਿਹੇ ਹੀ ਦੋ ਪਰਿਵਾਰ ਕਰਤਾਰਪੁਰ ਸਾਹਿਬ ਵਿਖੇ 76 ਸਾਲ ਬਾਅਦ ਮਿਲੇ ਹਨ। ਕਰਤਾਰਪੁਰ ਕਾਰੀਡੋਰ ਨੇ ਇਕ ਵਾਰ ਫਿਰ ਭਾਰਤੀ ਤੇ ਪਾਕਿਸਤਾਨੀ ਪਰਿਵਾਰਾਂ ਨੂੰ 76 ਸਾਲ ਬਾਅਦ ਮਿਲਾਇਆ ਹੈ। ਭਾਰਤ-ਪਾਕਿ ਦੀ ਵੰਡ ਤੋਂ ਪਹਿਲਾਂ ਦਇਆ ਸਿੰਘ ਦਾ ਪਰਿਵਾਰ ਇੰਡੀਆ ‘ਚ ਰਹਿੰਦਾ ਸੀ। ਜਦ ਉਹ ਜਵਾਨ ਹੋਇਆ ਤਾਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਉਨ੍ਹਾਂ ਦੇ ਪਿਤਾ ਦੇ ਦੋਸਤ ਕਰੀਮ ਬਖ਼ਸ਼ ਨੇ ਦੋਵਾਂ ਭਰਾਵਾਂ ਦਇਆ ਸਿੰਘ ਤੇ ਗੁਰਦੇਵ ਸਿੰਘ ਦਾ ਪਾਲਣ-ਪੋਸ਼ਣ ਕੀਤਾ ਅਤੇ ਦੋਵਾਂ ਦੇ ਨਾਂ ਵੀ ਬਦਲ ਦਿੱਤੇ। ਗੁਰਦੇਵ ਸਿੰਘ ਦਾ ਨਾਂ ਗੁਲਾਮ ਮੁਹੰਮਦ ਅਤੇ ਦਇਆ ਸਿੰਘ ਦਾ ਨਾਂ ਗੁਲਾਮ ਰਸੂਲ ਰੱਖ ਦਿੱਤਾ ਗਿਆ। ਦਇਆ ਸਿੰਘ ਨੇ ਦੱਸਿਆ ਕਿ ਭਾਰਤ-ਪਾਕਿ ਵੰਡ ਦੇ ਸਮੇਂ ਉਹ ਆਪਣੇ ਨਾਨਕੇ ਘਰ ਕੁਰੂਕਸ਼ੇਤਰ ਚਲਾ ਗਿਆ ਜਦਕਿ ਗੁਰਦੇਵ ਸਿੰਘ ਪਾਕਿਸਤਾਨ ਦੇ ਸ਼ਹਿਰ ਝੰਗ ‘ਚ ਵੱਸ ਗਿਆ। ਦਇਆ ਸਿੰਘ ਨੇ ਦੱਸਿਆ ਕਿ ਉਹ ਤਾਂ ਗੁਲਾਮ ਰਸੂਲ ਤੋਂ ਫਿਰ ਦਇਆ ਸਿੰਘ ਬਣ ਗਿਆ ਜਦਕਿ ਉਸ ਦਾ ਭਰਾ ਗੁਰਦੇਵ ਸਿੰਘ ਪਾਕਿਸਤਾਨ ਜਾਣ ਤੋਂ ਬਾਅਦ ਗੁਲਾਮ ਮੁਹੰਮਦ ਹੀ ਬਣਿਆ ਰਿਹਾ ਅਤੇ ਉਸ ਦੇ ਬੱਚੇ ਵੀ ਮੁਸਲਿਮ ਬਣ ਗਏ। ਗੁਲਾਮ ਮੁਹੰਮਦ ਦਾ ਲੜਕਾ ਮੁਹੰਮਦ ਸ਼ਰੀਫ ਵਾਸੀ ਝੰਗ ਅਤੇ ਦਇਆ ਸਿੰਘ ਵਾਸੀ ਕੁਰੂਕਸ਼ੇਤਰ ਬੀਤੇ ਦਿਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਿਰਧਾਰਿਤ ਯੋਜਨਾ ਅਨੁਸਾਰ ਮਿਲੇ ਅਤੇ ਦੋਵਾਂ ਦੇ ਹੀ ਪਰਿਵਾਰ ਉਥੇ ਮੌਜੂਦ ਸਨ। ਦੋਵਾਂ ਪਰਿਵਾਰਾਂ ਦਾ ਮਿਲਨ ਵੇਖਣ ਵਾਲਾ ਸੀ। ਇਸ ਮੌਕੇ ਗੁਲਾਮ ਮੁਹੰਮਦ ਜਿਸ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਦੇ ਲੜਕੇ ਮੁਹੰਮਦ ਸ਼ਰੀਫ ਨੇ ਆਪਣੇ ਪਿਤਾ ਦੇ ਭਰਾ ਦਇਆ ਸਿੰਘ ਨੂੰ ਯਾਦ ਕੀਤਾ ਅਤੇ ਬੀਤੇ 6 ਮਹੀਨਿਆਂ ਤੋਂ ਮੁਹੰਮਦ ਸ਼ਰੀਫ ਨੇ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਨੂੰ ਦਰਜਨ ਤੋਂ ਵੱਧ ਪੱਤਰ ਲਿਖੇ ਪਰ ਦੋਵਾਂ ਹੀ ਸਰਕਾਰਾਂ ਤੋਂ ਕੁਝ ਜਾਣਕਾਰੀ ਨਹੀਂ ਮਿਲੀ। ਮੁਹੰਮਦ ਸ਼ਰੀਫ ਨੂੰ ਸੋਸ਼ਲ ਮੀਡੀਆ ਤੋਂ 6 ਮਹੀਨੇ ਪਹਿਲਾਂ ਆਪਣੇ ਚਾਚਾ ਦਇਆ ਸਿੰਘ ਬਾਰੇ ਜਾਣਕਾਰੀ ਮਿਲੀ ਅਤੇ ਉਦੋਂ ਤੋਂ ਲਗਾਤਾਰ ਸੋਸ਼ਲ ਮੀਡੀਆ ਰਾਹੀਂ ਸੰਪਰਕ ਬਣਿਆ ਹੋਇਆ ਸੀ। ਦਇਆ ਸਿੰਘ ਦੇ ਅਨੁਸਾਰ ਅਸੀਂ ਦੋਵਾਂ ਪਰਿਵਾਰਾਂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ‘ਚ ਮਿਲਣ ਦੀ ਯੋਜਨਾ ਬਣਾਈ। ਜਦ ਬੀਤੇ ਦਿਨ ਅਸੀਂ ਕਰਤਾਰਪੁਰ ਕਾਰੀਡੋਰ ਦੇ ਰਸਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇ ਤਾਂ ਉਥੇ ਉਸ ਦੇ ਭਰਾ ਦਾ ਲੜਕਾ ਮੁਹੰਮਦ ਸ਼ਰੀਫ ਆਪਣੇ ਪਰਿਵਾਰ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਪਹਿਲਾਂ ਹੀ ਪਹੁੰਚਿਆ ਹੋਇਆ ਸੀ। ਦੋਵਾਂ ਪਰਿਵਾਰਾਂ ਦੇ 76 ਸਾਲ ਬਾਅਦ ਮਿਲਣ ਦੀ ਬਹੁਤ ਹੀ ਖੁਸ਼ੀ ਸੀ ਅਤੇ ਦੁੱਖ ਵੀ ਸੀ ਕਿ ਜਲਦ ਹੀ ਦੋਵੇਂ ਪਰਿਵਾਰ ਫਿਰ ਦੇਸ਼ਾਂ ਦੀਆਂ ਸਰਹੱਦਾਂ ਕਾਰਨ ਅਲੱਗ-ਅਲੱਗ ਹੋ ਜਾਣਗੇ।