ਦੇਸ਼ ਦੀ ਵੰਡ ਦੇ ਅੱਧ ਦਹਾਕੇ ਹੋਣ ਨੂੰ ਹਨ ਅਤੇ ਸਮੇਂ ਸਮੇਂ ਕਈ ਦਰਦ ਭਰਪੂਰ ਕਹਾਣੀਆਂ ਨਸ਼ਰ ਹੁੰਦੀਆਂ ਰਹਿੰਦੀਆਂ ਹਨ। ਹੁਣ ਅਜਿਹਾ ਹੀ ਇਕ ਮਾਮਲਾ ਪੂਰਨ ਸਿੰਘ ਦਾ ਸਾਹਮਣੇ ਆਇਆ ਹੈ ਜੋ ਵੰਡ ਵੇਲੇ 21 ਵਰ੍ਹਿਆਂ ਦਾ ਸੀ। ਉਹ ਪੂਰੇ 77 ਸਾਲ ਬਾਅਦ 98 ਸਾਲ ਦੀ ਉਮਰ ‘ਚ ਪਾਕਿਸਤਾਨ ਆਪਣੀ ਜੰਮਣ ਭੋਇੰ ਗਿਆ ਜਿਥੇ ਉਸ ਦਾ ਗਰਮਜੋਸ਼ੀ ਨਾਲ ਭਰਪੂਰ ਸਵਾਗਤ ਹੋਇਆ। ਪਟਿਆਲਾ ਦੇ ਪੂਰਨ ਸਿੰਘ 77 ਸਾਲਾਂ ਬਾਅਦ ਪਾਕਿਸਤਾਨ ਸਥਿਤ ਆਪਣੇ ਜੱਦੀ ਪਿੰਡ ਪਹੁੰਚਿਆ ਤਾਂ ਉਨ੍ਹਾਂ ਦੀਆਂ ਅੱਖਾਂ ‘ਚ ਖੁਸ਼ੀ ਦੇ ਹੰਝੂ ਆ ਗਏ। ਪਿੰਡ ਵਾਲਿਆਂ ਨੇ ਉਸ ਦਾ ਨਿੱਘਾ ਸੁਆਗਤ ਕੀਤਾ ਤੇ ਕਿਹਾ- ‘ਦੇਖੋ ਪਿੰਡ ਦਾ ਮੁੰਡਾ ਆਇਆ ਹੈ।’ ਪੂਰਨ ਸਿੰਘ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਪਾਕਿਸਤਾਨੀ ਯੂਟਿਊਬਰ ਨਾਸਿਰ ਢਿੱਲੋਂ ਨੇ ਆਪਣੇ ਯੂਟਿਊਬ ਚੈਨਲ ਪੰਜਾਬੀ ਲਹਿਰ ਟੀਵੀ ‘ਤੇ ਸ਼ੇਅਰ ਕੀਤਾ ਹੈ। ਇਸ ‘ਚ ਪੂਰਨ ਸਿੰਘ ਉਥੋਂ ਦੇ ਲੋਕਾਂ ਨਾਲ ਮੁਲਾਕਾਤ ਅਤੇ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਮੁਤਾਬਕ ਪੂਰਨ ਸਿੰਘ ਪਾਕਿਸਤਾਨ ਦੇ ਗੁਜਰਾਂਵਾਲਾ ਜ਼ਿਲ੍ਹੇ ਦੇ ਕੋਟ ਦੇਸ ਰਾਜ ਇਲਾਕੇ ‘ਚ ਆਪਣੇ ਜੱਦੀ ਪਿੰਡ ਪਹੁੰਚਿਆ ਸੀ। ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕ ਪੂਰਨ ਸਿੰਘ ਦੇ ਪਿੰਡ ‘ਚ ਦਾਖਲ ਹੁੰਦੇ ਹੀ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕਰਦੇ ਹਨ। ਕੁਝ ਲੋਕ ਆਪਣੇ ਘਰਾਂ ਦੀ ਛੱਤ ਤੋਂ ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕਰਦੇ ਹਨ। ਇਨ੍ਹਾਂ ‘ਚ ਔਰਤਾਂ ਵੀ ਸ਼ਾਮਲ ਹਨ। ਢੋਲ ਢਮੱਕੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਭਾਵੇਂ ਪੂਰਨ ਸਿੰਘ ਨੂੰ ਪਾਕਿਸਤਾਨ ਛੱਡੇ 7 ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਉਸ ਨੂੰ ਆਪਣੇ ਬਚਪਨ ਦੇ ਦੋਸਤਾਂ ਦੇ ਨਾਂ ਅੱਜ ਵੀ ਯਾਦ ਹਨ। ਨਾਸਿਰ ਢਿੱਲੋਂ ਨਾਲ ਹੋਈ ਗੱਲਬਾਤ ‘ਚ ਉਨ੍ਹਾਂ ਖੁਦ ਇਸ ਗੱਲ ਦਾ ਜ਼ਿਕਰ ਕੀਤਾ। ਉਨ੍ਹਾਂ 21 ਸਾਲ ਦੀ ਉਮਰ ‘ਚ ਪਾਕਿਸਤਾਨ ‘ਚ ਆਪਣਾ ਜੱਦੀ ਪਿੰਡ ਛੱਡ ਦਿੱਤਾ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਆਪਣੇ ਪਿੰਡ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਨੂੰ ਜਾਣ ਵਾਲੇ ਰਸਤੇ ਅਜੇ ਵੀ ਯਾਦ ਹਨ ਤਾਂ ਉਨ੍ਹਾਂ ਕਿਹਾ ਕਿ ਹੁਣ ਸੜਕਾਂ ਬਦਲ ਗਈਆਂ ਹਨ। ਪੂਰਨ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਉਹ ਹਰ ਥਾਂ ਪੈਦਲ ਹੀ ਜਾਂਦਾ ਸੀ ਕਿਉਂਕਿ ਉਸ ਦੇ ਪਿੰਡ ਤੋਂ ਆਸ-ਪਾਸ ਦੇ ਇਲਾਕਿਆਂ ਨੂੰ ਸਿੱਧਾ ਰਸਤਾ ਸੀ। ਉਹ ਆਪਣੇ ਦੋਸਤਾਂ ਨਾਲ ਬਹੁਤ ਘੁੰਮਦਾ ਰਹਿੰਦਾ ਸੀ। ਪੂਰਨ ਸਿੰਘ ਦੇ ਨਾਲ ਕੁਝ ਹੋਰ ਲੋਕ ਵੀ ਪਾਕਿਸਤਾਨ ਗਏ ਹਨ।