ਇੰਡੀਆ ’ਚ ਲੋਕ ਤੇਜ਼ੀ ਨਾਲ ਤੇ ਵੱਡੀ ਗਿਣਤੀ ’ਚ ਦੇਸ਼ ਦੀ ਨਾਗਰਿਕਤਾ ਛੱਡ ਰਹੇ ਹਨ। ਸਭ ਤੋਂ ਵੱਧ ਭਾਰਤੀ ਲੋਕ ਅਮਰੀਕਾ ਤੇ ਕੈਨੇਡਾ ’ਚ ਜਾ ਕੇ ਨਾਗਰਿਕਤਾ ਹਾਸਲ ਕਰ ਰਹੇ ਹਨ। ਸਰਕਾਰ ਨੇ ਲੋਕ ਸਭਾ ਨੂੰ ਦੱਸਿਆ ਕਿ ਪਿਛਲੇ ਤਿੰਨ ਸਾਲਾਂ ‘ਚ 3,92,643 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ ਹੈ ਅਤੇ ਸਭ ਤੋਂ ਵੱਧ ਭਾਰਤੀਆਂ ਨੂੰ ਅਮਰੀਕਾ ਨੇ ਨਾਗਰਿਕਤਾ ਦਿੱਤੀ ਹੈ। ਇਹ ਜਾਣਕਾਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਵੱਲੋਂ ਲੋਕ ਸਭਾ ’ਚ ਹਾਜੀ ਫਜਲੁਰ ਰਹਿਮਾਨ ਦੇ ਸਵਾਲ ਦੇ ਲਿਖਤੀ ਜਵਾਬ ਦੇ ਨਾਲ ਜਾਰੀ ਕੀਤੇ ਗਏ ਅੰਕਡ਼ਿਆਂ ਤੋਂ ਮਿਲੀ ਹੈ। ਮੈਂਬਰ ਨੇ ਸਾਲ 2019 ਤੋਂ ਚਾਲੂ ਸਾਲ ਦੌਰਾਨ ਨਾਗਰਿਕਤਾ ਛੱਡਣ ਵਾਲੇ ਭਾਰਤੀਆਂ ਬਾਰੇ ਜਾਣਕਾਰੀ ਮੰਗੀ ਸੀ। ਹੇਠਲੇ ਸਦਨ ’ਚ ਰਾਏ ਵਲੋਂ ਪੇਸ਼ ਕੀਤੇ ਗਏ ਅੰਕਡ਼ਿਆਂ ਅਨੁਸਾਰ, 2019 ਤੋਂ 2021 ਦੌਰਾਨ ਨਾਗਰਿਕਤਾ ਛੱਡਣ ਵਾਲੇ ਭਾਰਤੀਆਂ ਦੀ ਗਿਣਤੀ 3,92,643 ਸੀ। ਇਸ ’ਚ ਸਾਲ 2019 ’ਚ 1,44,017 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ, ਜਦੋਂ ਕਿ 2020 ’ਚ, 85,256 ਭਾਰਤੀਆਂ ਅਤੇ ਸਾਲ 2021 ’ਚ, 1,63,370 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ। ਸਰਕਾਰੀ ਅੰਕਡ਼ਿਆਂ ਮੁਤਾਬਕ 2019 ਤੋਂ 2021 ਦਰਮਿਆਨ ਅਮਰੀਕਾ ਵੱਲੋਂ 1,70,795 ਭਾਰਤੀਆਂ ਨੂੰ ਅਮਰੀਕਾ ਨੇ ਨਾਗਰਿਕਤਾ ਦਿੱਤੀ। ਇਸ ’ਚ ਸਾਲ 2019 ‘ਚ 61,683 ਭਾਰਤੀਆਂ, ਸਾਲ 2020 ’ਚ 30,828 ਭਾਰਤੀਆਂ ਅਤੇ ਸਾਲ 2021 ’ਚ 78,284 ਭਾਰਤੀਆਂ ਨੂੰ ਨਾਗਰਿਕਤਾ ਅਮਰੀਕਾ ਨੇ ਨਾਗਰਿਕਤਾ ਦਿੱਤੀ। ਇਸ ’ਚ ਦੱਸਿਆ ਗਿਆ ਹੈ ਕਿ ਪਿਛਲੇ ਤਿੰਨ ਸਾਲਾਂ ’ਚ ਆਸਟਰੇਲੀਆ ’ਚ 58,391 ਭਾਰਤੀਆਂ, ਕੈਨੇਡਾ ’ਚ 64,071 ਭਾਰਤੀਆਂ, ਬਰਤਾਨੀਆ ’ਚ 35,435 ਭਾਰਤੀਆਂ, ਜਰਮਨੀ ’ਚ 6,690 ਭਾਰਤੀਆਂ, ਇਟਲੀ ’ਚ 12,131 ਭਾਰਤੀਆਂ, ਨਿਊਜ਼ੀਲੈਂਡ ’ਚ 8,882 ਭਾਰਤੀਆਂ ਅਤੇ ਪਾਕਿਸਤਾਨ ’ਚ 48 ਭਾਰਤੀਆਂ ਨੇ ਨਾਗਰਿਕਤਾ ਹਾਸਲ ਕੀਤੀ ਹੈ।