ਕਾਂਗਰਸ ਦੇ ਕਈ ਸਾਬਕਾ ਮੰਤਰੀ ਖ਼ਿਲਾਫ਼ ਵਿਜੀਲੈਂਸ ਬਿਊਰੋ ਦੀ ਜਾਂਚ ਜਾਰੀ ਹੈ ਅਤੇ ਹੁਣ ਇਨ੍ਹਾਂ ‘ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਨਾਂ ਵੀ ਜੁੜ ਗਿਆ ਹੈ ਜੋ ਭਾਜਪਾ ‘ਚ ਸ਼ਾਮਲ ਹੋ ਚੁੱਕੇ ਹਨ। ਵਿਜੀਲੈਂਸ ਬਿਊਰੋ ਨੇ ਮਨਪ੍ਰੀਤ ਬਾਦਲ ਖ਼ਿਲਾਫ਼ ਅਨਾਜ ਦੀ ਢੋਆ-ਢੁਆਈ ਦੌਰਾਨ ਹੋਏ ਘਪਲੇ ਸਬੰਧੀ ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਜਾਂਚ ਆਰੰਭ ਦਿੱਤੀ ਹੈ। 23 ਅਗਸਤ 2022 ਨੂੰ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਮੌਜੂਦਾ ਭਾਜਪਾ ਆਗੂ ਸਰੂਪ ਚੰਦ ਸਿੰਗਲਾ ਨੇ ਐੱਸ.ਐੱਸ.ਪੀ. ਵਿਜੀਲੈਂਸ ਬਠਿੰਡਾ ਨੂੰ 2017 ਤੋਂ 2022 ਦੌਰਾਨ ਅਨਾਜ ਦੀ ਢੋਆ-ਢੁਆਈ ਦੌਰਾਨ ਗੜਬੜ ਹੋਣ ਸਬੰਧੀ ਸ਼ਿਕਾਇਤ ਦੇ ਕੇ ਮਨਪ੍ਰੀਤ ਬਾਦਲ ਖ਼ਿਲਾਫ਼ ਜਾਂਚ ਕਰਨ ਲਈ ਕਿਹਾ ਸੀ। ਵਿਜੀਲੈਂਸ ਵੱਲੋਂ ਸਾਬਕਾ ਵਿੱਤ ਮੰਤਰੀ ਦੇ ਰਿਸ਼ਤੇਦਾਰ ਨਾਲ ਤਾਇਨਾਤ ਪ੍ਰਾਈਵੇਟ ਡਰਾਈਵਰ ਤੇ ਇਕ ਗੰਨਮੈਨ ਦੇ ਬੈਂਕ ਖਾਤੇ ਵੀ ਖੰਗਾਲੇ ਜਾ ਰਹੇ ਹਨ। ਅਹਿਮ ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਜੀਲੈਂਸ ਨੂੰ ਇਸ ਮਾਮਲੇ ‘ਚ ਤੇਜ਼ੀ ਨਾਲ ਨਿਰਪੱਖ ਜਾਂਚ ਕਰਨ ਲਈ ਆਖਿਆ ਹੈ। ਸਿੰਗਲਾ ਨੇ ਇਲਜ਼ਾਮ ਲਾਏ ਸਨ ਕਿ ਮਨਪ੍ਰੀਤ ਦੇ ਰਿਸ਼ਤੇਦਾਰ ਦੇ ਡਰਾਈਵਰ ਜਗਜੀਤ ਸਿੰਘ ਦੇ ਨਾਮ ‘ਤੇ ਜੇਬੀ ਕੰਟਰੈਕਟਰ ਫ਼ਰਮ ਬਣਾ ਕੇ ਉਸ ਨੂੰ ਉਕਤ ਕਾਰੋਬਾਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਰੇਂਜ ਬਠਿੰਡਾ ਨੇ ਜਗਜੀਤ ਸਿੰਘ ਨੂੰ ਤਲਬ ਵੀ ਕੀਤਾ ਸੀ ਪਰ ਉਹ ਹਾਜ਼ਰ ਨਹੀਂ ਹੋਇਆ ਸੀ। ਉਸ ਵੇਲੇ ਮਾਮਲੇ ਦੀ ਪੜਤਾਲ ਡੀ.ਐੱਸ.ਪੀ. ਕੁਲਵੰਤ ਸਿੰਘ ਕਰ ਰਹੇ ਸਨ, ਜਿਨ੍ਹਾਂ ਤੋਂ ਹੁਣ ਜਾਂਚ ਤਬਦੀਲ ਕਰਾ ਲਈ ਗਈ ਹੈ। ਹੁਣ ਇਸ ਮਾਮਲੇ ਦੀ ਜਾਂਚ ਡੀ.ਐੱਸ.ਪੀ. ਸੰਦੀਪ ਸਿੰਘ ਨੂੰ ਸੌਂਪੀ ਗਈ ਹੈ। ਸੂਤਰਾਂ ਅਨੁਸਾਰ ਜਗਜੀਤ ਸਿੰਘ ਦੇ ਖਾਤਿਆਂ ‘ਚੋਂ ਹੋਰ ਫਰਮਾਂ ‘ਚ ਲਗਾਈ ਗਈ ਰਕਮ ਬਾਰੇ ਘੋਖ ਕੀਤੀ ਜਾ ਰਹੀ ਹੈ। ਵਿਜੀਲੈਂਸ ਨੇ ਇਕ ਫਰਮ ਦੇ ਬੈਂਕ ਖਾਤੇ ਦੀ ਜਾਣਕਾਰੀ ਵੀ ਹਾਸਲ ਕੀਤੀ ਹੈ। ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਗੰਨਮੈਨ ਨੂੰ ਵੀ ਤਲਬ ਕੀਤਾ ਗਿਆ ਸੀ ਪਰ ਉਹ ਹਾਜ਼ਰ ਨਹੀਂ ਹੋਇਆ। ਅਧਿਕਾਰੀ ਦੱਸਦੇ ਹਨ ਕਿ ਪੁੱਡਾ ਬਠਿੰਡਾ ਦੀ ਇਕ ਕਮਰਸ਼ੀਅਲ ਸਾਈਟ ਨੂੰ ਰਿਹਾਇਸ਼ੀ ਸਾਈਟ ‘ਚ ਤਬਦੀਲ ਕਰਨ ਤੇ ਉਸ ਮਗਰੋਂ ਤਿੰਨ ਬੋਲੀਕਾਰਾਂ ਵੱਲੋਂ ਫੌਰੀ ਦੂਸਰੇ ਨਾਮ ‘ਤੇ ਤਬਦੀਲ ਕੀਤੇ ਜਾਣ ਦੀ ਜਾਂਚ ਵੀ ਚੱਲ ਰਹੀ ਹੈ। ਖੁਰਾਕ ਤੇ ਸਪਲਾਈ ਵਿਭਾਗ ਬਠਿੰਡਾ ਦਾ ਰਿਕਾਰਡ ਵੀ ਦੇਖਿਆ ਜਾ ਰਿਹਾ ਹੈ ਤੇ ਪਹਿਲਾਂ ਜਾਂਚ ਦੌਰਾਨ ਮਨਪ੍ਰੀਤ ਬਾਦਲ ਦੇ ਪੁਰਾਣੇ ਨਜ਼ਦੀਕੀਆਂ ਨੂੰ ਵੀ ਵਿਜੀਲੈਂਸ ਨੇ ਸੱਦਿਆ ਸੀ।