ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਜਾਇਦਾਦ ਦੀ ਜਾਂਚ ਵੀ ਨਾਲੋਂ-ਨਾਲ ਵਿੱਢ ਦਿੱਤੀ ਹੈ। ਸਿੰਚਾਈ ਘੁਟਾਲੇ ਕਰਕੇ ਸਾਬਕਾ ਮੰਤਰੀ ਸੇਖੋਂ ਦੀ ਜਾਇਦਾਦ ਵੀ ਜਾਂਚ ਦੇ ਘੇਰੇ ‘ਚ ਆ ਗਈ ਹੈ। ਵਿਜੀਲੈਂਸ ਨੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ 20 ਦਿਨਾਂ ਦੇ ਅੰਦਰ ਅੰਦਰ ਆਪਣੀ ਸਮੁੱਚੀ ਜਾਇਦਾਦ ਅਤੇ ਆਮਦਨ ਦੇ ਵਸੀਲਿਆਂ ਦਾ ਖ਼ੁਲਾਸਾ ਕਰਨ ਵਾਸਤੇ ਕਿਹਾ ਹੈ। ਵਿਜੀਲੈਂਸ ਨੇ ਸਾਬਕਾ ਮੰਤਰੀ ਨੂੰ ਇਕ ਪ੍ਰੋਫਾਰਮਾ ਦਿੱਤਾ ਹੈ, ਜਿਸ ਵਿਚ ਸੇਖੋਂ ਨੂੰ ਸੰਪਤੀ ਦੇ ਮੁਕੰਮਲ ਵੇਰਵੇ ਦੇਣ ਲਈ ਕਿਹਾ ਗਿਆ ਹੈ। ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਨੂੰ ਸਿੰਚਾਈ ਘੁਟਾਲੇ ਦੇ ਸੰਦਰਭ ਵਿਚ ਪੁੱਛ-ਪੜਤਾਲ ਲਈ ਤਲਬ ਕੀਤਾ ਹੋਇਆ ਸੀ। ਇਸ ਪੜਤਾਲ ਦੌਰਾਨ ਸਾਬਕਾ ਮੰਤਰੀ ਸੇਖੋਂ ਨੂੰ ਜਾਇਦਾਦ ਬਾਰੇ ਵੀ ਸੁਆਲ ਕੀਤੇ ਗਏ ਹਨ। ਵਿਜੀਲੈਂਸ ਦੇ ਸੀਨੀਅਰ ਅਧਿਕਾਰੀ ਦੱਸਦੇ ਹਨ ਕਿ ਸੇਖੋਂ ਦੀ ਆਮਦਨ ਦੇ ਵਸੀਲਿਆਂ ਤੋਂ ਵੱਧ ਜਾਇਦਾਦ ਬਣਾਏ ਜਾਣ ਦੀ ਜਾਂਚ ਵੀ ਨਾਲੋਂ ਨਾਲ ਸ਼ੁਰੂ ਕਰ ਦਿੱਤੀ ਗਈ ਹੈ। ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਦੀਆਂ ਨਾਮੀ ਤੇ ਬੇਨਾਮੀ ਸੰਪਤੀਆਂ ਦਾ ਪਤਾ ਲਾਇਆ ਜਾ ਰਿਹਾ ਹੈ। ਇਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਸੇਖੋਂ ਨੂੰ 20 ਦਿਨਾਂ ‘ਚ ਸੰਪਤੀ ਦੇ ਵੇਰਵੇ ਦੇਣ ਲਈ ਕਿਹਾ ਗਿਆ ਹੈ। ਵਿਜੀਲੈਂਸ ਇਹ ਦੇਖਣਾ ਚਾਹੁੰਦੀ ਹੈ ਕਿ ਕਿਤੇ ਘੁਟਾਲੇ ਦਾ ਪੈਸਾ ਜਾਇਦਾਦਾਂ ‘ਚ ਨਿਵੇਸ਼ ਤਾਂ ਨਹੀਂ ਕੀਤਾ ਗਿਆ ਹੈ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਨੇ ਗੁਪਤ ਤੌਰ ‘ਤੇ ਸੇਖੋਂ ਦੀਆਂ ਸੰਪਤੀਆਂ ਬਾਰੇ ਕੁਝ ਹਾਸਲ ਵੀ ਕੀਤਾ ਹੈ। ਜਦੋਂ ਜਨਮੇਜਾ ਸਿੰਘ ਸੇਖੋਂ ਵੱਲੋਂ ਚੋਣ ਕਮਿਸ਼ਨ ਕੋਲ ਸੰਪਤੀ ਦੇ ਨਸ਼ਰ ਕੀਤੇ ਵੇਰਵਿਆਂ ‘ਤੇ ਨਜ਼ਰ ਮਾਰਦੇ ਹਨ ਤਾਂ ਸਾਬਕਾ ਮੰਤਰੀ ਦੀ ਸੰਪਤੀ 15 ਵਰ੍ਹਿਆਂ ‘ਚ ਤੇਜ਼ੀ ਨਾਲ ਵਧੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਜਨਮੇਜਾ ਸਿੰਘ ਸੇਖੋਂ ਨੇ 2022 ‘ਚ ਵਿਧਾਨ ਸਭਾ ਦੀ ਚੋਣ ਹਲਕਾ ਜ਼ੀਰਾ ਤੋਂ ਲੜੀ ਸੀ ਅਤੇ ਇਸ ਮੌਕੇ ਉਨ੍ਹਾਂ ਵੱਲੋਂ ਸੰਪਤੀ ਦੇ ਜਨਤਕ ਕੀਤੇ ਵੇਰਵਿਆਂ ਅਨੁਸਾਰ ਸੇਖੋਂ ਕੋਲ ਇਸ ਵੇਲੇ 10.14 ਕਰੋੜ ਦੀ ਚੱਲ ਅਚੱਲ ਜਾਇਦਾਦ ਹੈ ਅਤੇ ਉਨ੍ਹਾਂ ਸਿਰ 4.93 ਕਰੋੜ ਦੀਆਂ ਦੇਣਦਾਰੀਆਂ ਹਨ। ਉਨ੍ਹਾਂ ਨੇ ਵਰ੍ਹਾ 2021 ‘ਚ ਹੀ ਤਿੰਨ ਨਵੀਆਂ ਗੱਡੀਆਂ ਖ਼ਰੀਦ ਕੀਤੀਆਂ ਹਨ ਜਿਨ੍ਹਾਂ ‘ਤੇ 82.91 ਲੱਖ ਰੁਪਏ ਖ਼ਰਚ ਕੀਤੇ ਹਨ। ਉਨ੍ਹਾਂ ਕੋਲ ਬੀ.ਐਮ.ਡਬਲਿਊ, ਇਨੋਵਾ ਅਤੇ ਥਾਰ ਗੱਡੀ ਹੈ। ਜਨਤਕ ਕੀਤੇ ਤੱਥਾਂ ਅਨੁਸਾਰ ਸਾਬਕਾ ਮੰਤਰੀ ਸੇਖੋਂ ਕੋਲ 1.55 ਕਰੋੜ ਦੀ ਜਵੈਲਰੀ ਹੈ ਜਿਸ ‘ਚ 58 ਲੱਖ ਦਾ ਡਾਇਮੰਡ ਵੀ ਸ਼ਾਮਲ ਹੈ। ਉਨ੍ਹਾਂ ਦੇ ਪਰਿਵਾਰ ਕੋਲ 18 ਲੱਖ ਰੁਪਏ ਦੀ ਡਾਇਮੰਡ ਰਿੰਗ, 20 ਲੱਖ ਰੁਪਏ ਦਾ ਡਾਇਮੰਡ ਸੈੱਟ, 5 ਲੱਖ ਦੇ ਡਾਇਮੰਡ ਟੌਪਸ ਅਤੇ 15 ਲੱਖ ਰੁਪਏ ਦੀ ਡਾਇਮੰਡ ਦਾ ਹਾਰ ਵੀ ਹੈ। ਸਾਬਕਾ ਮੰਤਰੀ ਸੇਖੋਂ ਕੋਲ ਕਰੀਬ 4.70 ਕਰੋੜ ਰੁਪਏ ਦੀ ਖੇਤੀ ਵਾਲੀ ਜ਼ਮੀਨ ਵੀ ਹੈ। ਬਹੁਕਰੋੜੀ ਸਿੰਜਾਈ ਘੁਟਾਲੇ ਸਬੰਧੀ ਮੁਹਾਲੀ ਸਥਿਤ ਵਿਜੀਲੈਂਸ ਭਵਨ ਦੇ ਮੁੱਖ ਦਫ਼ਤਰ ‘ਚ ਵਿਜੀਲੈਂਸ ਵਿਸ਼ੇਸ਼ ਟੀਮ ਨੇ ਸਾਬਕਾ ਅਕਾਲੀ ਮੰਤਰੀ ਜਨਮੇਜਾ ਸਿੰਘ ਸੇਖੋਂ ਤੋਂ ਪੁੱਛ-ਪੜਤਾਲ ਕੀਤੀ। ਵਿਜੀਲੈਂਸ ਦੀ ਜਾਂਚ ਟੀਮ ਨੇ ਸੇਖੋਂ ਤੋਂ ਸਿੰਜਾਈ ਘੁਟਾਲੇ ਨਾਲ ਸਬੰਧਤ ਕਈ ਸਵਾਲ ਕੀਤੇ। ਸੂਤਰ ਦੱਸਦੇ ਹਨ ਕਿ ਅਕਾਲੀ ਆਗੂ ਵੱਲੋਂ ਵਿਜੀਲੈਂਸ ਦੇ ਸਵਾਲਾਂ ਦੇ ਗੋਲਮੋਲ ਹੀ ਜਵਾਬ ਦਿੱਤੇ ਗਏ ਹਨ।