ਕਾਂਗਰਸ ਦੀ ਮੁੜ ਸੁਰਜੀਤੀ ਲਈ ਸੂਬਾਈ ਲੀਡਰਸ਼ਿਪ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ
ਸਾਬਕਾ ਕੇਂਦਰੀ ਮੰਤਰੀ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾਡ਼ੀ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਾਂ ਕਿਹਾ ਕਿ 1997 ’ਚ ਪੰਜਾਬ ’ਚ ਕਾਂਗਰਸ ਦੀ ਬੁਰੀ ਤਰ੍ਹਾਂ ਹਾਰ ਹੋਈ ਸੀ ਪ੍ਰੰਤੂ 2002 ’ਚ ਕਾਂਗਰਸ ਵੱਲੋਂ ਦੁਬਾਰਾ ਸੂਬੇ ਅੰਦਰ ਸਰਕਾਰ ਬਣਾਈ ਗਈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਲੀਡਰਸ਼ਿਪ ਨੂੰ ਬੀਤੇ ਸਮੇਂ ’ਚ ਹੋਈਆਂ ਗਲਤੀਆਂ ਦੀ ਪਡ਼ਤਾਲ ਕਰਨੀ ਪਵੇਗੀ ਅਤੇ ਆਪਸ ’ਚ ਸਿਰ ਜੋਡ਼ ਕੇ ਬੈਠਣਾ ਪਵੇਗਾ ਤਾਂ ਜੋ ਦੁਬਾਰਾ ਸੂਬੇ ਅੰਦਰ ਕਾਂਗਰਸ ਜਿੱਤ ਵਾਲੇ ਪਾਸੇ ਵਧ ਸਕੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਖਰੀ ਵਿਧਾਨ ਸਭਾ ਦੀ ਮੰਗ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਮਨੀਸ਼ ਤਿਵਾਡ਼ੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਮੁੱਖ ਮੰਤਰੀ ਨੇ ਅਜਿਹਾ ਬਿਆਨ ਕਿਉਂ ਦਿੱਤਾ। ਉਨ੍ਹਾਂ ਕਿਹਾ ਕਿ ਚੰਡੀਗਡ਼੍ਹ ’ਤੇ ਕੇਵਲ ਤੇ ਕੇਵਲ ਪੰਜਾਬ ਦਾ ਹੱਕ ਹੈ। ਉਨ੍ਹਾਂ ਕਿਹਾ ਕਿ 1966 ’ਚ ਜਦੋਂ ਪੰਜਾਬ ਦੀ ਵੰਡ ਹੋਈ ਅਤੇ ਹਿਮਾਚਲ ਤੇ ਹਰਿਆਣਾ ਬਣੇ ਉਸ ਸਮੇਂ ਵੀ ਚੰਡੀਗਡ਼੍ਹ ’ਚ ਤਕਰੀਬਨ 80 ਪ੍ਰਤੀਸ਼ਤ ਲੋਕ ਪੰਜਾਬੀ ਬੋਲਦੇ ਸਨ ਅਤੇ ਅੱਜ ਵੀ ਚੰਡੀਗਡ਼੍ਹ ਵਿਚ 80 ਪ੍ਰਤੀਸ਼ਤ ਲੋਕ ਪੰਜਾਬੀ ਹਨ। ਮੱਤੇਵਾਡ਼ਾ ਜੰਗਲ ਨੂੰ ਖ਼ਤਮ ਕਰਨ ਬਾਰੇ ਪੁੱਛੇ ਸਵਾਲ ’ਤੇ ਤਿਵਾਡ਼ੀ ਨੇ ਕਿਹਾ ਕਿ ਪੰਜਾਬ ਨੂੰ ਇੰਡਸਟਰੀ ਦੀ ਬਹੁਤ ਲੋਡ਼ ਹੈ ਪਰ ਜੰਗਲ ਖਤਮ ਕਰਕੇ ਇੰਡਸਟਰੀ ਨਹੀਂ ਲੱਗਣੀ ਚਾਹੀਦੀ। ਉਨ੍ਹਾਂ ਕਿਹਾ ਕਿ ਵਾਤਾਵਰਣ ਅਤੇ ਉਦਯੋਗ ਦੇ ’ਚ ਸੰਤੁਲਨ ਹੋਣਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਬੀਤੇ ਦਿਨਾਂ ’ਚ ਜਿਸ ਤਰ੍ਹਾਂ ਬੱਦਲ ਫਟਣ ਦੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ ਉਹ ਘਟਨਾਵਾਂ ਅੱਗੇ ਤੋਂ ਵੀ ਦੇਖਣ ਨੂੰ ਮਿਲਣਗੀਆਂ। ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜਿਸ ਤਰ੍ਹਾਂ ਕਤਲੋਗਾਰਤ ਦੀਆਂ ਘਟਨਾਵਾਂ ਪੰਜਾਬ ’ਚ ਹੋਈਆਂ ਹਨ ਉਸ ’ਤੇ ਚਿੰਤਾ ਜ਼ਾਹਿਰ ਕਰਦਿਆਂ ਤਿਵਾਡ਼ੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚੌਕਸ ਹੋਣ ਦੀ ਜ਼ਰੂਰਤ ਹੈ। ਰਾਹੁਲ ਗਾਂਧੀ ਦੀ ਅਗਵਾਈ ’ਚ ਕੇਂਦਰੀ ਲੀਡਰਸ਼ਿਪ ਬਾਰੇ ਸਵਾਲ ਦੇ ਜਵਾਬ ’ਚ ਤਿਵਾਡ਼ੀ ਨੇ ਕਿਹਾ ਕਿ ਜੋ ਸੰਗਠਨ ਚੋਣਾਂ ਚੱਲ ਰਹੀਆਂ ਹਨ ਉਸ ’ਚ ਹਰ ਇੱਕ ਨੂੰ ਹੱਕ ਹੈ ਕਿ ਉਹ ਚੋਣਾਂ ’ਚ ਆਪਣੀ ਭੂਮਿਕਾ ਨਿਭਾਵੇ।