ਲਿਜ਼ ਟਰੱਪ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਬਣ ਗਏ ਹਨ ਅਤੇ ਉਨ੍ਹਾਂ ਅਹੁਦਾ ਸੰਭਾਲਦੇ ਹੀ ਮੰਤਰੀ ਮੰਡਲ ‘ਚ ਫੇਰਬਦਲ ਕੀਤਾ ਹੈ। ਭਾਰਤੀ ਮੂਲ ਦੀ ਪ੍ਰੀਤੀ ਪਟੇਲ ਨੇ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਨ੍ਹਾਂ ਦੀ ਥਾਂ ‘ਤੇ ਲਿਜ਼ ਨੇ ਭਾਰਤੀ ਮੂਲ ਦੀ ਹੀ ਸੁਏਲਾ ਬ੍ਰੇਵਰਮੈਨ ਨੂੰ ਗ੍ਰਹਿ ਮੰਤਰੀ ਬਣਾਇਆ ਹੈ। ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਆਪਣੇ ਪ੍ਰਮੁੱਖ ਸਹਿਯੋਗੀਆਂ ਨੂੰ ਉੱਚ ਅਹੁਦੇ ਦਿੱਤੇ ਹਨ ਜਦਕਿ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਨੂੰ ਚੁਣੌਤੀ ਦੇਣ ਵਾਲੇ ਭਾਰਤੀ ਮੂਲ ਦੇ ਰਿਸ਼ੀ ਸੂਨਕ ਦਾ ਸਮਰਥਨ ਕਰਨ ਵਾਲਿਆਂ ਵਿੱਚੋਂ ਕੋਈ ਵੀ ਉਨ੍ਹਾਂ ਦੀ ਕੈਬਨਿਟ ‘ਚ ਨਹੀਂ ਹੋਵੇਗਾ। ਟਰੱਸ ਨੇ ਕਵਾਸੀ ਕਵਾਟਰੇਂਗ ਨੂੰ ਚਾਂਸਲਰ, ਜੇਮਸ ਕਲੀਵਰਲੀ ਨੂੰ ਵਿਦੇਸ਼ ਮੰਤਰੀ ਅਤੇ ਪ੍ਰੀਤੀ ਪਟੇਲ ਦੀ ਜਗ੍ਹਾ ਸੁਏਲਾ ਬ੍ਰੇਵਰਮੈਨ ਨੂੰ ਗ੍ਰਹਿ ਮੰਤਰੀ ਬਣਾਇਆ ਹੈ। ਉਨ੍ਹਾਂ ਨੇ ਆਪਣੇ ਇਕ ਨਜ਼ਦੀਕੀ ਦੋਸਤ ਥੇਰੇਸ ਕੌਫੀ ਨੂੰ ਸਿਹਤ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਟਰੱਸ ਦੇ ਪ੍ਰੈਸ ਸਕੱਤਰ ਨੇ ਕਿਹਾ ਕਿ ਇਹ ਤਬਦੀਲੀ ਟੋਰੀ ਪਾਰਟੀ ਨੂੰ ਇਕਜੁੱਟ ਕਰੇਗੀ ਅਤੇ ਉਨ੍ਹਾਂ ਨੇ ਪੰਜ ਵਿਰੋਧੀਆਂ ਨੂੰ ਮਹੱਤਵਪੂਰਨ ਭੂਮਿਕਾਵਾਂ ਦੇਣ ਵੱਲ ਇਸ਼ਾਰਾ ਕੀਤਾ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਵਾਰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਫੋਨ ‘ਤੇ ਗੱਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨਾਲ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ।