ਲਹਿੰਦੇ ਪੰਜਾਬ ਦੇ ਅਦੀਬਾਂ ਵੱਲੋਂ ਯੁੱਗ ਕਵੀ ਸੁਰਜੀਤ ਪਾਤਰ ਨੂੰ ਵਾਰਿਸ ਸ਼ਾਹ ਕੌਮਾਂਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਦਾ ਐਲਾਨ ਲਹਿੰਦੇ ਪੰਜਾਬ ਦੇ ਉੱਘੇ ਲੇਖਕ ਇਲਿਆਸ ਘੁੰਮਣ ਨੇ ਇਕ ਵੀਡੀਓ ਸੁਨੇਹਾ ਜਾਰੀ ਕਰਕੇ ਕੀਤਾ। ਉਨ੍ਹਾਂ ਕਿਹਾ ਕਿ ਦੋਹਾਂ ਪੰਜਾਬਾਂ ਦੇ ਸਾਂਝੇ ਉੱਚ ਕਵੀ ਦੇ ਖਿਤਾਬ ਵਜੋਂ ਦਿੱਤੇ ਜਾਣ ਵਾਲਾ ਇਹ ਪੁਰਸਕਾਰ 22 ਸਾਲ ਬਾਅਦ ਚਡ਼੍ਹਦੇ ਪੰਜਾਬ ਦੇ ਹਿੱਸੇ ਆਇਆ ਹੈ। ਇਸ ਤੋਂ ਪਹਿਲਾਂ 2000 ’ਚ ਇਹ ਪੁਰਸਕਾਰ ਅੰਮ੍ਰਿਤਾ ਪ੍ਰੀਤਮ ਨੂੰ ਦਿੱਤਾ ਗਿਆ ਸੀ। ਇਸ ਪੁਰਸਕਾਰ ’ਚ ਸਈਅਦ ਵਾਰਿਸ ਸ਼ਾਹ ਦੀ ਮਜ਼ਾਰ ਦੀ ਛੋਹ ਪ੍ਰਾਪਤ ਚਾਦਰ, ਸਨਮਾਨ ਚਿੰਨ੍ਹ ਅਤੇ ਸਨਮਾਨ ਪੱਤਰ ਭੇਟ ਕੀਤੇ ਜਾਂਦੇ ਹਨ। ‘ਹਵਾ ’ਚ ਲਿਖੇ ਹਰਫ਼’, ‘ਲਫਜ਼ਾਂ ਦੀ ਦਰਗਾਹ’, ‘ਸੁਰ ਜ਼ਮੀਨ’, ‘ਇਹ ਬਾਤ ਨਿਰੀ ਏਨੀ ਹੀ ਨਹੀਂ’ ਵਰਗੀਆਂ ਕਾਵਿ ਪੁਸਤਕਾਂ ਰਚਨ ਵਾਲੇ ਸੁਰਜੀਤ ਪਾਤਰ ਵਿਸ਼ਵ ਭਰ ’ਚ ਪੰਜਾਬੀ ਕਵਿਤਾ ਦੇ ਦੂਤ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਈਅਦ ਵਾਰਿਸ ਸ਼ਾਹ ਦੀ ਤੀਜੀ ਜਨਮ ਸ਼ਤਾਬਦੀ ਮੌਕੇ ਦਿੱਤੇ ਜਾ ਰਹੇ ਇਸ ਪੁਰਸਕਾਰ ਦਾ ਹੋਰ ਵੀ ਵਡੇਰਾ ਮਹੱਤਵ ਹੈ। ਇਸ ਨਾਲ ਹੱਦਾਂ-ਸਰਹੱਦਾਂ ਤੋਂ ਪਾਰ ਤੱਕ ਫੈਲੇ ਹੋਏ ਪੰਜਾਬੀ ਪਿਆਰ ਨੂੰ ਹੋਰ ਬਲ ਮਿਲੇਗਾ ਅਤੇ ਸੱਤਾਂ ਸਮੁੰਦਰਾਂ ਤੱਕ ਫੈਲੀ ਹੋਈ ਪੰਜਾਬੀਅਤ ਦੀ ਖੁਸ਼ਬੂ ਹੋਰ ਖੁਸ਼ਗਵਾਰ ਹੋਵੇਗੀ। ਇਸ ਪੁਰਸਕਾਰ ਦਾ ਐਲਾਨ ਹੋਣ ’ਤੇ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਸਰਬ ਸਾਂਝੇ ਕਵੀ ਵਜੋਂ ਵਾਰਿਸ ਸ਼ਾਹ ਦੇ ਨਾਮ ਉੱਤੇ ਉਨ੍ਹਾਂ ਨੂੰ ਮਿਲਣ ਵਾਲੇ ਇਸ ਪੁਰਸਕਾਰ ਨੂੰ ਉਹ ਹੁਣ ਤੱਕ ਮਿਲੇ ਸਾਰੇ ਪੁਰਸਕਾਰਾਂ ਨਾਲੋਂ ਆਪਣੀ ਰੂਹ ਦੇ ਵਧੇਰੇ ਨੇਡ਼ੇ ਸਮਝਦੇ ਹਨ।