ਚੀਨੀ ਲੂਨਾਰ ਨਵੇਂ ਸਾਲ ਦੇ ਸਮਾਗਮ ਮੌਕੇ ਅਮਰੀਕਾ ਦੇ ਲਾਸ ਏਂਜਲਸ ਨੇੜੇ ਫਾਇਰਿੰਗ ਦੀ ਇਕ ਘਟਨਾ ‘ਚ 10 ਲੋਕਾਂ ਦੀ ਮੌਤ ਹੋ ਗਈ ਜਦਕਿ 19 ਹੋਰ ਜ਼ਖਮੀ ਹੋ ਗਏ ਹਨ। ਵੇਰਵਿਆਂ ਮੁਤਾਬਕ ਕੈਲੀਫੋਰਨੀਆ ਦੇ ਲਾਸ ਏਂਜਲਸ ਦੇ ਨੇੜੇ ਮੋਂਟੇਰੇ ਪਾਰਕ ‘ਚ ਰਾਤ ਸਮੇਂ ਇਹ ਘਟਨਾ ਵਾਪਰੀ। ਕੁਝ ਮੀਡੀਆ ਰਿਪੋਰਟਾਂ ਅਨੁਸਾਰ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਇਸ ਦੀ ਪੁਸ਼ਟੀ ਪੁਲੀਸ ਨੇ ਨਹੀਂ ਕੀਤੀ ਪਰ ਬਾਅਦ ‘ਚ 9 ਮੌਤਾਂ ਦੀ ਪੁਸ਼ਟੀ ਕੀਤੀ ਗਈ। ਇਹ ਵੀ ਪਤਾ ਲੱਗਾ ਹੈ ਕਿ ਇਹ ਮਾਮਲਾ ਨਸਲੀ ਵਿਤਕਰੇ ਨਾਲ ਜੁੜਿਆ ਹੋਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਫਾਇਰਿੰਗ ਤੋਂ ਬਾਅਦ ਪੁਲੀਸ ਨੇ ਵੀ ਜਵਾਬੀ ਕਾਰਵਾਈ ‘ਚ ਗੋਲੀਬਾਰੀ ਕੀਤੀ। ਜਾਣਕਾਰੀ ਮੁਤਾਬਕ ਫਾਇਰਿੰਗ ਇਕ ਵਿਅਕਤੀ ਵੱਲੋਂ ਕੀਤੀ ਗਈ। ਗੋਲੀਬਾਰੀ ਦੀ ਘਟਨਾ ਸਥਾਨਕ ਸਮੇਂ ਅਨੁਸਾਰ ਰਾਤ ਨੂੰ ਹੋਈ ਜਦੋਂ ਮੋਂਟੇਰੇ ਪਾਰਕ ‘ਚ ਆਯੋਜਿਤ ਚੀਨੀ ਚੰਦਰ ਨਵੇਂ ਸਾਲ ਦੇ ਜਸ਼ਨ ਦਾ ਪ੍ਰੋਗਰਾਮ ਚੱਲ ਰਿਹਾ ਸੀ। ਮੋਂਟੇਰੇ ਪਾਰਕ ਲਾਸ ਏਂਜਲਸ ਕਾਉਂਟੀ ਦਾ ਇਕ ਸ਼ਹਿਰ ਹੈ, ਜੋ ਡਾਊਨਟਾਊਨ ਲਾਸ ਏਂਜਲਸ ਤੋਂ ਲਗਭਗ 11 ਕਿਲੋਮੀਟਰ ਦੂਰ ਹੈ। ਸੂਤਰਾਂ ਦਾ ਹਵਾਲਾ ਦਿੰਦੇ ਹੋਏ ਯੂ.ਐਸ. ਮੀਡੀਆ ਨੇ ਦੱਸਿਆ ਕਿ ਮੋਂਟੇਰੇ ਪਾਰਕ ਚੀਨੀ ਨਵੇਂ ਸਾਲ ਦੇ ਜਸ਼ਨਾਂ ਦੀ ਮੇਜ਼ਬਾਨੀ ਕਰ ਰਿਹਾ ਸੀ। ਇਕ ਮੌਕੇ ਦੇ ਗਵਾਹ ਨੇ ਦੱਸਿਆ ਕਿ ਦੋ ਦਰਜਨ ਤੋਂ ਵਧੇਰੇ ਲੋਕਾਂ ਦੇ ਗੋਲੀਆਂ ਲੱਗੀਆਂ। ਜਦੋਂ ਇਹ ਫਾਇਰਿੰਗ ਸ਼ੁਰੂ ਹੋਈ ਤਾਂ ਪਹਿਲਾਂ ਲੋਕਾਂ ਨੂੰ ਸਮਝ ਨਹੀਂ ਆਇਆ ਕਿ ਕੀ ਹੋਇਆ ਹੈ ਪਰ ਬਾਅਦ ‘ਚ ਭਗਦੜ ਮੱਚ ਗਈ। ਫਾਇਰਿੰਗ ‘ਚ ਜ਼ਖਮੀ ਹੋਏ ਵਿਅਕਤੀਆਂ ਨੂੰ ਫੌਰੀ ਹਸਪਤਾਲ ਲਿਜਾਇਆ ਗਿਆ। ਇਹ ਵੀ ਕਿਹਾ ਗਿਆ ਕਿ ਦਸ ਜਣੇ ਵੀ ਮੌਤ ਹੋ ਗਈ ਜਦਕਿ 19 ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਹੀ ਕੈਲੀਫੋਰਨੀਆ ‘ਚ ਫਾਇਰਿੰਗ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਹਾਲ ਹੀ ‘ਚ ਇਕ ਆਪਰਟਮੈਂਟ ‘ਚ ਵੀ ਫਾਇਰਿੰਗ ਹੋਈ ਸੀ। ਉਂਜ ਪੂਰੇ ਅਮਰੀਕਾ ‘ਚ ਅਜਿਹੀਆਂ ਫਾਇਰਿੰਗ ਦੀਆਂ ਘਟਨਾਵਾਂ ਵੱਡੀ ਚੁਣੌਤੀ ਬਣ ਗਈਆਂ ਹਨ।