ਇਕ ਐਮਟਰੈਕ ਯਾਤਰੀ ਟਰੇਨ, ਜੋ ਲਾਸ ਏਂਜਲਸ ਤੋਂ ਸ਼ਿਕਾਗੋ ਜਾ ਰਹੀ ਸੀ, ਮਿਸੌਰੀ ਦੇ ਦੂਰ-ਦੁਰਾਡੇ ਇਲਾਕੇ ’ਚ ਪਟਡ਼ੀ ਤੋਂ ਉੱਤਰ ਕੇ ਇਕ ਟਰੱਕ ਨਾਲ ਟਕਰਾ ਗਈ। ਇਸ ਨਾਲ 3 ਲੋਕਾਂ ਦੀ ਮੌਤ ਹੋ ਗਈ ਜਦੋਂਕਿ ਕਈ ਹੋਰ ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮਿਸੌਰੀ ਸਟੇਟ ਹਾਈਵੇਅ ਪੈਟਰੋਲ ਦੇ ਬੁਲਾਰੇ ਜਸਟਿਨ ਡਨ ਨੇ ਦੱਸਿਆ ਕਿ ਹਾਦਸੇ ’ਚ ਜਾਨ ਗਵਾਉਣ ਵਾਲੇ ਲੋਕਾਂ ਵਿੱਚੋਂ 2 ਲੋਕ ਟਰੇਨ ’ਚ ਸਵਾਰ ਸਨ ਅਤੇ ਇਕ ਵਿਅਕਤੀ ਟਰੱਕ ’ਚ ਮੌਜੂਦ ਸੀ। ਹਾਦਸੇ ’ਚ ਜ਼ਖ਼ਮੀ ਹੋਏ ਲੋਕਾਂ ਦੀ ਸਹੀ ਗਿਣਤੀ ਅਜੇ ਪਤਾ ਨਹੀਂ ਲੱਗ ਸਕੀ ਹੈ। ਹਸਪਤਾਲਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ 40 ਤੋਂ ਜ਼ਿਆਦਾ ਲੋਕਾਂ ਨੂੰ ਦਾਖ਼ਲ ਕਰਾਇਆ ਗਿਆ ਹੈ ਅਤੇ ਕਈ ਹੋਰ ਜ਼ਖ਼ਮੀਆਂ ਨੂੰ ਹਸਪਤਾਲ ਲਿਆਏ ਜਾਣ ਦਾ ਖ਼ਦਸ਼ਾ ਹੈ। ਹਾਈਵੇਅ ਗਸ਼ਤੀ ਦਲ ਮੁਤਾਬਕ ਐਮਟਰੈਕ ਯਾਤਰੀ ਟਰੇਨ ’ਚ ਕਰੀਬ 207 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਮੌਜੂਦ ਸਨ। ਟੱਕਰ ਮੇਂਡਾਨ ਨੇਡ਼ੇ ਇਕ ਪੇਂਡੂ ਖੇਤਰ ਦੇ ਚੌਰਾਹੇ ’ਤੇ ਇਕ ਸਡ਼ਕ ’ਤੇ ਹੋਈ। ਉਸ ਖੇਤਰ ’ਚ ਰੋਸ਼ਨੀ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਸੀ। ਟਰੇਨ ਦੇ 7 ਡੱਬੇ ਪਟਡ਼ੀ ਤੋਂ ਹੇਠਾਂ ਉੱਤਰ ਗਏ ਸਨ। ਅਧਿਕਾਰੀ ਟਰੇਨ ’ਚ ਸਵਾਰ ਲੋਕਾਂ ਦੀ ਸਹੀ ਗਿਣਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਹਾਦਸੇ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।