ਇੰਡੀਆ ਤੇ ਪਾਕਿਸਤਾਨ ਵਿਚਕਾਰ ਹੋਏ ਕ੍ਰਿਕਟ ਮੈਚ ਸਮੇਂ ਪੈਦਾ ਟਕਰਾਅ ਹਿੰਦੂ ਮੁਸਲਮਾਨਾਂ ਵਿਚਕਾਰ ਭੜਕਾਊ ਪ੍ਰਦਰਸ਼ਨ ਤੇ ਹਿੰਸਾ ਦਾ ਰੂਪ ਅਖਤਿਆਰ ਕਰ ਗਿਆ ਹੈ। ਲੀਸੈਸਟਰ ਤੋਂ ਸ਼ੁਰੂ ਹੋਇਆ ਰਿਹ ਵਰਤਾਰਾ ਬਰਮਿੰਘਮ ਤੱਕ ਜਾ ਪੁੱਜਾ ਹੈ। ਬਰਮਿੰਘਮ ਦੇ ਸਮੈਥਵਿਕ ‘ਚ 200 ਤੋਂ ਵਧ ਮੁਸਲਿਮ ਨਕਾਬਪੋਸ਼ਾਂ ਨੇ ਦੁਰਗਾ ਮੰਦਰ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਨਾਅਰੇ ਲਾਏ। ਸਮੈਥਵਿਕ ਤੋਂ ਮਿਲੇ ਵੀਡੀਓ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਵਿਖਾਵਾਕਾਰੀ ਹਮਲਾਵਰ ਹੋ ਗਏ ਅਤੇ ਇਹ ਹਮਲਾ ਪੂਰੀ ਤਰ੍ਹਾਂ ਯੋਜਨਾਬੱਧ ਸੀ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਵੀਡੀਓਜ਼ ‘ਚ ਸਪੋਨ ਲੇਨ ‘ਤੇ ਦੁਰਗਾ ਭਵਨ ਹਿੰਦੂ ਸੈਂਟਰ ਵੱਲ ਮਾਰਚ ਕਰਦੇ ਹੋਏ ਲੋਕਾਂ ਦੀ ਵੱਡੀ ਭੀੜ ਦਿਖਾਈ ਦੇ ਰਹੀ ਹੈ। ਵੀਡੀਓ ‘ਚ ਉਨ੍ਹਾਂ ਨੂੰ ਧਾਰਮਿਕ ਨਾਅਰੇਬਾਜ਼ੀ ਕਰਦੇ ਵੀ ਸੁਣਿਆ ਜਾ ਸਕਦਾ ਹੈ। ਭੀੜ ਵਿੱਚੋਂ ਕਈਆਂ ਨੂੰ ਮੰਦਰ ਦੀਆਂ ਕੰਧਾਂ ‘ਤੇ ਚੜ੍ਹਦੇ ਦੇਖਿਆ ਗਿਆ। ਇਸ ਤੋਂ ਇਲਾਵਾ ਭੀੜ ਨੇ ਬੋਤਲਾਂ ਅਤੇ ਪਟਾਕੇ ਵੀ ਸੁੱਟੇ। ਮੌਕੇ ‘ਤੇ ਪੁਲੀਸ ਵੀ ਮੌਜੂਦ ਸੀ। ਲੀਸੈਸਟਰ ‘ਚ ਸ਼ਨੀਵਾਰ ਅਤੇ ਐਤਵਾਰ ਨੂੰ ਦੋਵਾਂ ਭਾਈਚਾਰਿਆਂ ‘ਚ ਝੜਪਾਂ ਹੋਈਆਂ ਸਨ। ਇਸ ਮਾਮਲੇ ‘ਚ ਲੀਸੈਸਟਰ ਪੁਲੀਸ ਨੇ ਹੁਣ ਤੱਕ 47 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਯਾਦ ਰਹੇ ਕਿ 28 ਅਗਸਤ ਨੂੰ ਇੰਡੀਆ ਵੱਲੋਂ ਪਾਕਿਸਤਾਨ ਖ਼ਿਲਾਫ਼ ਏਸ਼ੀਆ ਕੱਪ ਟੀ-20 ਜਿੱਤਣ ਮਗਰੋਂ ਇਸ ਹਿੰਸਾ ਦਾ ਸਿਲਸਿਲਾ ਸ਼ੁਰੂ ਹੋਇਆ ਸੀ। ਦੋਵਾਂ ਭਾਈਚਾਰਿਆਂ ਦੇ ਨੇਤਾਵਾਂ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।ਇੰਗਲੈਂਡ ਅਤੇ ਕੈਨੇਡਾ ‘ਚ ਹਿੰਦੂ ਮੰਦਰਾਂ ‘ਤੇ ਯੋਜਨਾਬੱਧ ਹਮਲਿਆਂ ਅਤੇ ਸਿੱਖ ਕੱਟੜਪੰਥੀਆਂ ਤੇ ਮੁਸਲਿਮਾਂ ਦੀਆਂ ਹਰਕਤਾਂ ‘ਤੇ ਇੰਡੀਆ ਸਰਕਾਰ ਨੇੜਿਓਂ ਨਜ਼ਰ ਰੱਖ ਰਹੀ ਹੈ। ਇਸ ਸਬੰਧੀ ਸਰਕਾਰ ਨੇ ਦੋਵਾਂ ਦੇਸ਼ਾਂ ਨੂੰ ਸੰਦੇਸ਼ ਵੀ ਭੇਜੇ ਹਨ। ਓਧਰ ਸਮੈਥਵਿਕ ਦੇ ਦੁਰਗਾ ਮੰਦਰ ਦੇ ਬਾਹਰ ਪੁਲੀਸ ਤਾਇਨਾਤ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਕਿਸਮ ਦੀ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਸਕੇ ਅਤੇ ਪੈਦਾ ਤਣਾਅ ਨੂੰ ਖ਼ਤਮ ਕੀਤਾ ਜਾ ਸਕੇ।