ਇੰਡੀਆ-ਪਾਕਿਸਤਾਨ ਕ੍ਰਿਕਟ ਮੈਚ ਦੌਰਾਨ ਲੈਸਟਰ ‘ਚ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਹੋਈ ਹਿੰਸਾ ਖ਼ਿਲਾਫ਼ ਏਸ਼ੀਅਨ ਮੂਲ ਦੀਆਂ ਔਰਤਾਂ ਇਕਜੁੱਟ ਹੋ ਗਈਆਂ ਹਨ। ਇਸ ਹਿੰਸਾ ਨੂੰ ‘ਬੇਮਾਇਨਾ’ ਕਰਾਰ ਦਿੰਦਿਆਂ ਸ਼ਹਿਰ ‘ਚ ਦੱਖਣੀ ਏਸ਼ੀਅਨ ਮੂਲ ਦੀਆਂ ਮਹਿਲਾ ਆਗੂਆਂ ਦਾ ਇਕ ਸਮੂਹ ਇਕਜੁੱਟ ਹੋਇਆ ਹੈ। ਇਕ ਸਾਂਝੀ ਅਪੀਲ ਕਰਦਿਆਂ ਪੂਰਬੀ ਇੰਗਲੈਂਡ ਖੇਤਰ ਤੋਂ ਭਾਈਚਾਰੇ ਦੇ ਆਗੂਆਂ ਅਤੇ ਸਥਾਨਕ ਸਿਆਸਤਦਾਨਾਂ ਨੇ ਕਿਹਾ ਕਿ ਰਹਿਣ ਅਤੇ ਕੰਮ ਕਰਨ ਲਈ ਲੈਸਟਰ ਬਹੁਤ ਵਧੀਆ ਜਗ੍ਹਾ ਹੈ। ਉਨ੍ਹਾਂ ‘ਨਫ਼ਰਤ ਨਾਲ ਭਰੀ ਹਿੰਸਾ’ ਦੇ ਹੱਲ ਦਾ ਸੱਦਾ ਦਿੱਤਾ। ਸਥਾਨਕ ਮੀਡੀਆ ਦੀਆਂ ਖ਼ਬਰਾਂ ਅਨੁਸਾਰ ਇਹ ਔਰਤਾਂ ਲੈਸਟਰ ‘ਚ ਟਾਊਨ ਹਾਲ ਦੇ ਬਾਹਰ ਇਕੱਤਰ ਹੋਈਆਂ ਜਿੱਥੇ ਕਿ ਭਾਰਤੀ ਮੂਲ ਦੀ ਕੌਂਸਲਰ ਰੀਟਾ ਪਟੇਲ ਨੇ ਇਕ ਸਾਂਝਾ ਬਿਆਨ ਪੜ੍ਹਿਆ। ਬਿਆਨ ‘ਚ ਲਿਖਿਆ ਸੀ, ‘ਲੈਸਟਰ ਤੋਂ ਅਸੀਂ ਏਸ਼ੀਅਨ ਮੂਲ ਦੀਆਂ ਮਹਿਲਾਵਾਂ, ਸ਼ਹਿਰ ਵਾਸੀਆਂ ਨੂੰ ਮਿਲ ਕੇ ਰੈਲੀ ਕਰਨ ਅਤੇ ਪਿਛਲੇ ਹਫ਼ਤੇ ਹੋਈ ਬੇਮਾਇਨਾ ਹਿੰਸਾ ਜਿਸ ਨਾਲ ਕਿ ਸਾਡੇ ਭਾਈਚਾਰਿਆਂ ‘ਚ ਫੁੱਟ ਪੈ ਗਈ, ਦਾ ਵਿਰੋਧ ਕਰਨ ਦਾ ਸੱਦਾ ਦਿੰਦੀਆਂ ਹਨ। ਅਸੀਂ ਸਾਡੇ ਸ਼ਹਿਰ ‘ਚ ਨਫ਼ਰਤ ਤੇ ਹਿੰਸਾ ਫੈਲਾਉਣ ਵਾਲਿਆਂ ਦੀ ਆਲੋਚਨਾ ਕਰਦੀਆਂ। -ਤੁਸੀਂ ਸਾਨੂੰ ਪਾੜਨ ‘ਚ ਸਫ਼ਲ ਨਹੀਂ ਹੋਵੋਗੇ।’ ਬਿਆਨ ‘ਚ ਕਿਹਾ ਗਿਆ, ‘ਇਹ ਸਮਾਂ ਹੱਲ ਕੱਢਣ ਦਾ ਹੈ। ਇਸ ਵਾਸਤੇ ਅਸੀਂ ਲੈਸਟਰ ਦੀਆਂ ਔਰਤਾਂ ਨੂੰ ਵੱਖ-ਵੱਖ ਭਾਈਚਾਰਿਆਂ ਨੂੰ ਇਕ ਵਾਰ ਫਿਰ ਤੋਂ ਇਕੱਠੇ ਕਰਨ ਲਈ ਸਾਡਾ ਸਾਥ ਦੇਣ ਦਾ ਹੋਕਾ ਦਿੰਦੀਆਂ ਹਾਂ।’