ਲੋਰੇਂਜ਼ੋ ਮੁਸੇਟੀ ਨੇ ਚੋਟੀ ਦਾ ਦਰਜਾ ਪ੍ਰਾਪਤ ਕਾਰਲੋਸ ਅਲਕਾਰੇਜ਼ ਨੂੰ 6-4, 6-7 (6), 6-4 ਨਾਲ ਹਰਾ ਕੇ ਹੈਮਬਰਗ ਯੂਰਪੀਅਨ ਓਪਨ ਟੈਨਿਸ ਦੇ ਪੁਰਸ਼ ਵਰਗ ਦਾ ਖ਼ਿਤਾਬ ਜਿੱਤਿਆ। ਇਟਲੀ ਦੇ 20 ਸਾਲਾ ਖਿਡਾਰੀ ਨੇ ਦੋ ਘੰਟੇ 47 ਮਿੰਟ ਤਕ ਚਲੇ ਮੈਚ ’ਚ ਅਲਕਾਰੇਜ਼ ਦੀ ਪਿਛਲੇ ਚਾਰ ਟੂਰਨਾਮੈਂਟ ਤੋਂ ਫਾਈਨਲ ’ਚ ਚਲੀ ਆ ਰਹੀ ਜੇਤੂ ਮੁਹਿੰਮ ’ਤੇ ਰੋਕ ਲਗਾਈ ਤੇ ਆਪਣਾ ਪਹਿਲਾ ਖ਼ਿਤਾਬ ਜਿੱਤਿਆ। ਅਲਕਾਰੇਜ਼ ਨੇ ਇਸ ਸਾਲ ਮੈਡ੍ਰਿਡ, ਬਾਰਸੀਲੋਨਾ, ਮਿਆਮੀ ਤੇ ਰੀਓ ਡੀ ਜੇਨੇਰੀਓ ’ਚ ਖ਼ਿਤਾਬ ਜਿੱਤੇ ਸਨ। ਸਪੇਨ ਦੇ ਇਸ 19 ਸਾਲਾ ਖਿਡਾਰੀ ਨੇ ਦੂਜੇ ਸੈੱਟ ’ਚ 5-3 ਨਾਲ ਪਿੱਛਡ਼ਨ ਦੇ ਬਾਅਦ ਵਾਪਸੀ ਕਰਕੇ ਮੁਕਾਬਲੇ ਨੂੰ ਤੀਜੇ ਤੇ ਫ਼ੈਸਲਾਕੁੰਨ ਸੈੱਟ ਤਕ ਪਹੁੰਚਾਇਆ ਪਰ ਮੁਸੇਟੀ ਨੇ ਇਸ ਤੋਂ ਬਾਅਦ ਉਨ੍ਹਾਂ ਨੂੰ ਮੌਕਾ ਨਹੀਂ ਦਿੱਤਾ। ਅਮਰੀਕਾ ਦੀ ਬਰਨਾਡਾ ਪੇਰਾ ਨੇ ਸ਼ਨੀਵਾਰ ਨੂੰ ਚੋਟੀ ਦਾ ਦਰਜਾ ਪ੍ਰਾਪਤ ਐਨੇਟ ਕੋਂਟੇਵਿਟ ਨੂੰ ਹਰਾ ਕੇ ਮਹਿਲਾਵਾਂ ਦਾ ਫਾਈਨਲ ਜਿੱਤਿਆ ਸੀ।