ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਸ਼ਾਮਲ ਮੰਨੇ ਜਾਂਦੇ ਲਾਰੇਂਸ ਬਿਸ਼ਨੋਈ ਦੇ ਰਿਮਾਂਡ ਅਤੇ ਪੁੱਛਗਿੱਛ ਤੋਂ ਬਾਅਦ ਮੋਗਾ ਪੁਲੀਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਏ ਨੂੰ ਅਦਾਲਤ ‘ਚ ਪੇਸ਼ ਕੀਤਾ। ਮੋਗਾ ਪੁਲੀਸ ਨੂੰ ਜੱਗੂ ਭਗਵਾਨਪੁਰੀਆ ਦਾ ਅਦਾਲਤ ਤੋਂ ਛੇ ਦਿਨ ਦਾ ਟਰਾਂਜ਼ਿਟ ਰਿਮਾਂਡ ਮਿਲਿਆ ਹੈ। ਲਾਰੈਂਸ ਬਿਸ਼ਨੋਈ ਦਾ ਰਿਮਾਂਡ ਪੂਰਾ ਹੋਣ ‘ਤੇ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ ਜਿੱਥੋਂ ਫਰੀਦਕੋਟ ਪੁਲੀਸ ਲਾਰੈਂਸ ਬਿਸ਼ਨੋਈ ਦਾ ਵੱਖ ਵੱਖ ਮਾਮਲਿਆਂ ‘ਚ ਰਿਮਾਂਡ ਲੈਣ ‘ਚ ਸਫਲ ਹੋ ਗਈ। ਮੋਗਾ ਪੁਲੀਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਸਖ਼ਤ ਸੁਰੱਖਿਆ ਨਾਲ ਅਦਾਲਤ ‘ਚ ਪੇਸ਼ ਕੀਤਾ। ਪਿਛਲੇ ਸਾਲ ਡਿਪਟੀ ਮੇਅਰ ਦੇ ਭਰਾ ਅਤੇ ਭਤੀਜੇ ਦੇ ਫਾਇਰਿੰਗ ਮਾਮਲੇ ‘ਚ ਪੁਲੀਸ ਨੇ ਪਹਿਲਾਂ ਲਾਰੈਂਸ ਬਿਸ਼ਨੋਈ ਨੂੰ ਟਰਾਂਜ਼ਿਟ ਰਿਮਾਂਡ ‘ਤੇ ਲਿਆਂਦਾ ਸੀ। ਅੱਜ ਲਾਰੈਂਸ ਬਿਸ਼ਨੋਈ ਨੂੰ ਕਤਲ ਤੇ ਫਿਰੌਤੀ ਦੇ ਮਾਮਲੇ ‘ਚ ਫਰੀਦਕੋਟ ਪੁਲੀਸ ਰਿਮਾਂਡ ਉੱਪਰ ਲੈ ਗਈ। ਜੱਗੂ ਭਗਵਾਨਪੁਰੀਆ ਨੂੰ ਸੋਲਾਂ ਅਗਸਤ ਤੱਕ ਟਰਾਂਜ਼ਿਟ ਰਿਮਾਂਡ ਉੱਪਰ ਲੈਣ ਉਪਰੰਤ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜੱਗੂ ਤੋਂ ਡਿਪਟੀ ਮੇਅਰ ਦੇ ਭਰਾ ਅਸ਼ੋਕ ਮੁਖੀਜਾ ਅਤੇ ਉਸ ਦੇ ਭਤੀਜੇ ‘ਤੇ ਕਾਤਲਾਨਾ ਹਮਲੇ ਆਦਿ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਹਮਲੇ ਸਮੇਂ ਦਲੇਰੀ ਵਰਤਣ ਤੇ ਇਕ ਬਦਮਾਸ਼ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਸੀ।