ਲੰਬੇ ਸਮੇਂ ਤੋਂ ਸ਼ਾਂਤ ਹੋਇਆ ਕਰੋਨਾ ਇਕ ਵਾਰ ਫਿਰ ਨਵੇਂ ਰੂਪ ‘ਚ ਆ ਕੇ ਤਬਾਹੀ ਮਚਾਉਣ ਲਈ ਤਿਆਰ ਹੈ। ਚੀਨ ‘ਚ ਕਰੋਨਾ ਨਾਲ ਹਾਲਾਤ ਖ਼ਰਾਬ ਹਨ। ਕਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਕਾਰਨ ਚੀਨ ‘ਚ ਹੜਕੰਪ ਮਚ ਗਿਆ ਹੈ। ਇੰਨੀ ਵੱਡੀ ਗਿਣਤੀ ‘ਚ ਲੋਕ ਸੰਕਰਮਿਤ ਹੋ ਰਹੇ ਹਨ ਕਿ ਡਾਕਟਰੀ ਸਾਧਨਾਂ ਦੀ ਘਾਟ ਸਭ ਤੋਂ ਵੱਡੀ ਚੁਣੌਤੀ ਬਣ ਕੇ ਉਭਰੀ ਹੈ, ਜਿਸ ਕਾਰਨ ਚੀਨ ‘ਚ ਨਾ ਸਿਰਫ਼ ਹਸਪਤਾਲ ਦੇ ਬੈੱਡ, ਵੈਂਟੀਲੇਟਰ ਅਤੇ ਦਵਾਈਆਂ ਦੀ ਘਾਟ ਹੈ, ਸਗੋਂ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀ ਵੀ ਕਾਫੀ ਘਾਟ ਹੈ। ਅਜਿਹੇ ‘ਚ ਚੀਨ ਦੀਆਂ ਮੀਡੀਆ ਰਿਪੋਰਟਾਂ ‘ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਇਕ ਰਿਪੋਰਟ ਮੁਤਾਬਕ ਚੀਨ ਦੇ ਜ਼ਿਆਦਾਤਰ ਹਸਪਤਾਲਾਂ ‘ਚ ਜਿੱਥੇ ਡਾਕਟਰ ਦੀ ਘਾਟ ਹੈ ਉਥੇ ਮਰੀਜ਼ਾਂ ਦੀ ਵਧਦੀ ਗਿਣਤੀ ਕਾਰਨ ਹਸਪਤਾਲਾਂ ‘ਚ ਬੈੱਡ ਘੱਟ ਪੈ ਰਹੇ ਹਨ। ਅਜਿਹੇ ‘ਚ ਲੋਕਾਂ ਨੂੰ ਘਰ ‘ਚ ਹੀ ਇਲਾਜ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਲੋਕਾਂ ਨੂੰ ਸੰਕਰਮਿਤ ਹੋਣ ‘ਤੇ ਆਪਣੇ ਆਪ ਨੂੰ ਘਰ ‘ਚ ਅਲੱਗ ਕਰਨ ਲਈ ਕਿਹਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਘਰ ‘ਚ ਫਲੂ ਦੀਆਂ ਦਵਾਈਆਂ ਜਾਂ ਰਵਾਇਤੀ ਦਵਾਈਆਂ ਨਾਲ ਆਪਣਾ ਇਲਾਜ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਥੇ ਹੀ ਲੋਕਾਂ ਨੂੰ ਆਮ ਦਵਾਈਆਂ ਵੀ ਨਹੀਂ ਮਿਲ ਰਹੀਆਂ ਹਨ ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਪਹਿਲਾਂ ਵਾਂਗ ਇਕ ਵਾਰ ਫਿਰ ਸ਼ਮਸ਼ਾਨਘਾਟ ‘ਚ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਚੀਨ ਤੋਂ ਬਾਹਰ ਵੀ ਕਰੋਨਾ ਤੇਜ਼ੀ ਨਾਲ ਫੈਲਣਾ ਸ਼ੁਰੂ ਹੋ ਗਿਆ ਹੈ। ਕਰੋਨਾ ਦੇ ਅੰਕੜਿਆਂ ‘ਤੇ ਨਜ਼ਰ ਰੱਖਣ ਵਾਲੀ ਸੰਸਥਾ ਮੁਤਾਬਕ ਪਿਛਲੇ 24 ਘੰਟਿਆਂ ‘ਚ ਦੁਨੀਆ ‘ਚ ਕਰੋਨਾ ਦੇ 4.92 ਲੱਖ ਮਾਮਲੇ ਸਾਹਮਣੇ ਆਏ ਹਨ। ਉਥੀ ਹੀ ਕਰੋਨਾ ਕਾਰਨ 1374 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ‘ਚ ਜਾਪਾਨ ‘ਚ ਸਭ ਤੋਂ ਵੱਧ 1.84 ਲੱਖ ਮਾਮਲੇ ਸਾਹਮਣੇ ਆਏ ਹਨ। ਉਥੇ ਹੀ ਅਮਰੀਕਾ ‘ਚ 43,263, ਫਰਾਂਸ ‘ਚ 49,517, ਬ੍ਰਾਜ਼ੀਲ ਵਿਚ 43,392, ਦੱਖਣੀ ਕੋਰੀਆ ‘ਚ 75,744 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਇੰਡੀਆ ‘ਚ ਵੀ ਕਰੋਨਾ ਦੇ ਕੁਝ ਮਾਮਲੇ ਸਾਹਮਣੇ ਆਉਣ ਦੀ ਖ਼ਬਰ ਹੈ ਜਿਨ੍ਹਾਂ ‘ਚੋਂ ਚਾਰ ਮਾਮਲੇ ਪੰਜਾਬ ‘ਚ ਮਿਲੇ ਹਨ।