ਆਲ ਇੰਡੀਆ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਜਨਤਕ ਸਮਾਗਮਾਂ ਤੋਂ ਪਿਛਲੇ ਕਾਫੀ ਸਮੇਂ ਤੋਂ ਦੂਰੀ ਬਣਾ ਕੇ ਚੱਲ ਰਹੇ ਹਨ ਪਰ ਹੁਣ ਲੰਬੇ ਸਮੇਂ ਬਾਅਦ ਜਨਤਕ ਤੌਰ ‘ਤੇ ਸਾਹਮਣੇ ਆਉਂਦਿਆਂ ਉਨ੍ਹਾਂ ਕਰਨਾਟਕ ‘ਚ ਚੱਲ ਰਹੀ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਦੇ ਯਾਤਰਾ ‘ਚ ਸ਼ਾਮਲ ਹੋਣ ਨਾਲ ਪਾਰਟੀ ਆਗੂਆਂ ਤੇ ਵਰਕਰਾਂ ਦੇ ਹੌਸਲੇ ਬੁਲੰਦ ਦਿਖਾਈ ਦਿੱਤੇ। ਪਾਰਟੀ ਵਰਕਰਾਂ ਦੀਆਂ ਤਾੜੀਆਂ ਅਤੇ ਨਾਅਰਿਆਂ ਦਰਮਿਆਨ ਸੋਨੀਆ ਗਾਂਧੀ (75) ਨੇ ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ‘ਚ ਆਪਣੇ ਪੁੱਤਰ ਰਾਹੁਲ ਗਾਂਧੀ ਤੇ ਹੋਰ ਆਗੂਆਂ ਨਾਲ ਕੁਝ ਕਿਲੋਮੀਟਰ ਪੈਦਲ ਯਾਤਰਾ ਕੀਤੀ। ਸੋਨੀਆ ਤੇ ਰਾਹੁਲ ਗਾਂਧੀ ਦੇ ਨਾਲ ਚੱਲਣ ਵਾਲੇ ਕਾਫਲੇ ‘ਚ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਡੀ.ਕੇ. ਸ਼ਿਵਕੁਮਾਰ ਦੀ ਅਗਵਾਈ ਹੇਠ ਪਾਰਟੀ ਦੇ ਚੋਟੀ ਦੇ ਆਗੂ ਸ਼ਾਮਲ ਸਨ। ਇਸ ਦੌਰਾਨ ਮਾਂ-ਪੁੱਤ ਦੀਆਂ ਇਕੱਠਿਆਂ ਤੁਰਦਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ। ਇਸੇ ਦੌਰਾਨ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ, ‘ਅਸੀਂ ਪਿਛਲੇ ਸਮੇਂ ਦੌਰਾਨ ਤੂਫਾਨਾਂ ‘ਚੋਂ ਲੰਘੇ ਹਾਂ ਅਤੇ ਅੱਜ ਵੀ ਅਸੀਂ ਚੁਣੌਤੀਆਂ ਦੀਆਂ ਸਾਰੀਆਂ ਹੱਦਾਂ ਤੋੜਾਂਗੇ ਅਤੇ ਮਿਲ ਕੇ ਇੰਡੀਆ ਨੂੰ ਇਕਜੁੱਟ ਕਰਾਂਗੇ।’ ਉਨ੍ਹਾਂ ਆਪਣੀ ਮਾਂ ਨਾਲ ਯਾਤਰਾ ਕਰਦਿਆਂ ਦੀ ਇਕ ਤਸਵੀਰ ਵੀ ਸਾਂਝੀ ਕੀਤੀ। ਕਰਨਾਟਕ ‘ਚ ਯਾਤਰਾ ਜਾਰੀ ਹੈ ਤੇ ਤਿਲੰਗਾਨਾ ‘ਚ ਦਾਖ਼ਲ ਹੋਣ ਤੋਂ ਪਹਿਲਾਂ ਇਸ ਸੂਬੇ ‘ਚ ਯਾਤਰਾ ਅਜੇ 15 ਦਿਨ ਹੋਰ ਰਹੇਗੀ। ਕਾਂਗਰਸ ਨੇ ਮਾਂ-ਪੁੱਤ ਦੀ ਟਵਿੱਟਰ ‘ਤੇ ਇਕ ਤਸਵੀਰ ਸਾਂਝੀ ਕੀਤੀ ਅਤੇ ਕਿਹਾ, ‘ਜਿਹੜੇ ਪਿਆਰ ਦੇ ਸੁਰੱਖਿਆ ਘੇਰੇ ‘ਚ ਹੋਣ ਉਨ੍ਹਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ। ਰਸਤੇ ‘ਤੇ ਅੱਗੇ ਵਧ ਰਹੇ ਹਾਂ।’ ਪਾਰਟੀ ਵੱਲੋਂ ਇਕ ਹੋਰ ਤਸਵੀਰ ਸਾਂਝੀ ਕੀਤੀ ਗਈ ਜਿਸ ‘ਚ ਦਿਲ ਦੇ ਨਾਲ ਸਿਰਫ਼ ‘ਮਾਂ’ ਲਿਖਿਆ ਹੈ। ਇਸ ਤਸਵੀਰ ‘ਚ ਰਾਹੁਲ ਗਾਂਧੀ ਸੋਨੀਆ ਗਾਂਧੀ ਦੇ ਜੁੱਤਿਆਂ ਦੇ ਤਸਮੇ ਬੰਨ੍ਹਦੇ ਨਜ਼ਰ ਆ ਰਹੇ ਹਨ।