ਦੋ ਵਰ੍ਹੇ ਪਹਿਲਾਂ ਹਿਊਸਟਨ ‘ਚ ਲਾਪ੍ਰਵਾਹੀ ਨਾਲ ਗੋਲੀ ਚਲਾ ਕੇ ਔਰਤ ਨੂੰ ਮਾਰਨ ਦੇ ਮਾਮਲੇ ‘ਚ ਭਾਰਤੀ ਮੂਲ ਦੇ ਸਾਬਕਾ ਅਮਰੀਕੀ ਪੁਲਸ ਅਧਿਕਾਰੀ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ ਹੈ। ਟੈਕਸਾਸ ਦੀ ਇਕ ਅਦਾਲਤ ਨੇ ਰਵਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਹੈ। ਰਵਿੰਦਰ ਸਿੰਘ ਖ਼ਿਲਾਫ਼ ਮੈਗੀ ਬਰੂਕਸ (30) ਦੀ ਗੋਲੀ ਮਾਰ ਕੇ ਹੋਈ ਮੌਤ ਦੇ ਮਾਮਲੇ ‘ਚ ਮੁਕੱਦਮਾ ਚੱਲ ਰਿਹਾ ਸੀ। ਟੈਰੈਂਟ ਦੇ ਜ਼ਿਲ੍ਹਾ ਫੌਜਦਾਰੀ ਵਕੀਲ ਦੇ ਦਫ਼ਤਰ ਨੇ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਇਕ ਬਿਆਨ ਜਾਰੀ ਕੀਤਾ। ਇਸ ‘ਚ ਕਿਹਾ ਗਿਆ ਹੈ ਕਿ ਜਦੋਂ ਵੀ ਤਾਕਤ ਦੀ ਵਰਤੋਂ ਨਾਲ ਕਿਸੇ ਨਾਗਰਿਕ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਮਾਮਲੇ ਨੂੰ ਅਦਾਲਤ ‘ਚ ਲੈ ਜਾਂਦੇ ਹਨ ਅਤੇ ਜੇਕਰ ਅਦਾਲਤ ਦੋਸ਼ ਤੈਅ ਕਰਦੀ ਹੈ ਤਾਂ ਉਹ ਮੁਕੱਦਮਾ ਚਲਾਉਂਦੇ ਹਨ। ਜ਼ਿਲ੍ਹਾ ਵਕੀਲ ਦੇ ਦਫ਼ਤਰ ਨੇ ਕਿਹਾ ਕਿ ਅਦਾਲਤ ਨੇ 2019 ‘ਚ ਬਰੂਕਸ ਦੀ ਮੌਤ ਨਾਲ ਸਬੰਧਤ ਤੱਥਾਂ ਨੂੰ ਸੁਣਿਆ ਅਤੇ ਗਵਾਹੀਆਂ ਅਤੇ ਸਬੂਤਾਂ ਦਾ ਮੁਲਾਂਕਣ ਕੀਤਾ ਅਤੇ ਫ਼ੈਸਲਾ ਕੀਤਾ ਕਿ ਰਵਿੰਦਰ ਸਿੰਘ ਦੋਸ਼ੀ ਨਹੀਂ ਹੈ। ਪੁਲੀਸ ਨੇ ਇਸ ਘਟਨਾ ਦੀ ਅਗਸਤ 2019 ‘ਚ ਵੀਡੀਓ ਜਾਰੀ ਕੀਤੀ ਸੀ। ਵੀਡੀਓ ‘ਚ ਦਿਸਦਾ ਹੈ ਕਿ ਇਕ ਕੁੱਤਾ ਮਹਿਲਾ ਵੱਲ ਦੌੜਦਾ ਹੈ ਅਤੇ ਅਧਿਕਾਰੀ ਔਰਤ ਨੂੰ ਬਚਾਉਣ ਲਈ ਕੁੱਤੇ ‘ਤੇ ਗੋਲੀ ਚਲਾ ਦਿੰਦਾ ਹੈ ਤਾਂ ਉਸ ਔਰਤ ਨੂੰ ਹੀ ਲੱਗ ਜਾਂਦੀ ਹੈ। ਤਿੰਨ ਬੱਚਿਆਂ ਦੀ ਮਾਂ ਬਰੂਕਸ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਅਤੇ ਬਾਅਦ ‘ਚ ਉਸਦੀ ਮੌਤ ਹੋ ਗਈ। ਉਸ ਦੀ ਮੌਤ ਦਾ ਕਾਰਨ ਕਤਲ ਦੱਸਿਆ ਗਿਆ ਸੀ। ਰਵਿੰਦਰ ਸਿੰਘ ਨੇ ਪ੍ਰਸ਼ਾਸਨਿਕ ਜਾਂਚ ਦੇ ਦੌਰਾਨ ਨਵੰਬਰ 2019 ‘ਚ ਅਸਤੀਫਾ ਦੇ ਦਿੱਤਾ ਸੀ ਅਤੇ ਸਤੰਬਰ 2020 ‘ਚ ਉਨ੍ਹਾਂ ‘ਤੇ ਕਤਲ ਦਾ ਦੋਸ਼ ਲਗਾਇਆ ਗਿਆ ਸੀ। ਜੇਕਰ ਰਵਿੰਦਰ ਸਿੰਘ ਨੂੰ ਇਸ ਮਾਮਲੇ ‘ਚ ਦੋਸ਼ੀ ਠਹਿਰਾਇਆ ਜਾਂਦਾ ਤਾਂ ਉਨ੍ਹਾਂ ਨੂੰ ਵੱਧ ਤੋਂ ਵੱਧ ਦੋ ਸਾਲ ਦੀ ਜੇਲ੍ਹ ਅਤੇ 10,000 ਅਮਰੀਕਨ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਸੀ। ਫ਼ੈਸਲੇ ਤੋਂ ਬਾਅਦ ਰਵਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਦਾ ਧੰਨਵਾਦ ਕਰਨਾ ਚਾਹੁੰਦੇ ਹਨ। ਉਹ ਬਰੂਕਸ ਦੇ ਪਰਿਵਾਰ ਨਾਲ ਵੀ ਹਮਦਰਦੀ ਪ੍ਰਗਟ ਕਰਦੇ ਹਨ।