ਰੈਡਮੰਡ ‘ਚ ਪਤੀ ਨਾਲ ਰਹਿੰਦੀ ਅਤੇ ਚਾਰ ਦਿਨ ਤੋਂ ਲਾਪਤਾ 30 ਸਾਲਾ ਭਾਰਤੀ ਔਰਤ ਸੌਜਾਨਿਆ ਰਾਮਾਮੂਰਤੀ ਵਾਸ਼ਿੰਗਟਨ ‘ਚ ਝੀਲ ਨੇੜੇ ਸ਼ੱਕੀ ਅਤੇ ਰਹੱਸਮਈ ਹਾਲਾਤਾਂ ਚ ਮ੍ਰਿਤਕ ਮਿਲੀ ਹੈ। ਉਸ ਦਾ ਪਤੀ ਮਾਈਕ੍ਰੋਸਾਫਟ ਕੰਪਨੀ ‘ਚ ਕਰਮਚਾਰੀ ਹੈ। ਇਕ ਰਿਪੋਰਟ ਮੁਤਾਬਕ ਪੁਲੀਸ ਵੱਲੋਂ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਮਗਰੋਂ ਅਗਲੇ ਦਿਨ ਉਸ ਦੀ ਲਾਸ਼ ਸਮਾਮਿਸ਼ ਝੀਲ ਤੋਂ ਮਿਲੀ। ਉਸਨੂੰ ਆਖ਼ਰੀ ਵਾਰ ਸਿਆਟਲ ਤੋਂ ਅੱਠ ਮੀਲ ਦੂਰ ਰੈੱਡਮੰਡ ‘ਚ ਪਾਰਕ ਮੈਰੀਮੂਰ ਬੈੱਲ ਅਪਾਰਟਮੈਂਟਸ ਦੇ ਨੇੜੇ ਦੇਖਿਆ ਗਿਆ ਸੀ। ਪੁਲੀਸ ਅਜੇ ਤੱਕ ਇਹ ਪਤਾ ਨਹੀਂ ਲਗਾ ਸਕੀ ਕਿ ਇਹ ਹਾਦਸਾ ਕਿਵੇਂ ਵਾਪਰਿਆ ਅਤੇ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਹਾਲਾਂਕਿ ਕਈ ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਸੌਜਾਨਿਆ ਦੇ ਸਿਰ ‘ਤੇ ਹਥੌੜੇ ਵਰਗੀ ਚੀਜ਼ ਨਾਲ ਕਈ ਵਾਰ ਵਾਰ ਕੀਤੇ ਗਏ ਸਨ। ਪੁਲੀਸ ਅਨੁਸਾਰ ਸੌਜਾਨਿਆ 5 ਫੁੱਟ 4 ਇੰਚ ਲੰਬੀ ਅਤੇ ਉਸ ਦੀਆਂ ਕਾਲੀਆਂ ਅੱਖਾਂ ਅਤੇ ਕਾਲੇ ਵਾਲ ਸਨ ਅਤੇ ਜਦੋਂ ਉਹ ਲਾਪਤਾ ਹੋਈ ਤਾਂ ਉਸਨੇ ਬਰਗੰਡੀ ਰੰਗ ਦੇ ਕੱਪੜੇ ਪਾਏ ਹੋਏ ਸਨ। ਉਹ ਇੰਡੀਆ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਅਮਰੀਕਾ ਚਲੀ ਗਈ ਸੀ। ਉਸ ਦੇ ਪਤੀ ਮੁਦੰਬੀ ਐੱਸ ਸ਼੍ਰੀਵਤਸ ਨੇ ਕਿਹਾ ਕਿ ਉਸ ਦੇ ਵੱਡੇ ਸੁਪਨੇ ਸਨ ਅਤੇ ਉਹ ਆਪਣੇ ਪਰਿਵਾਰ ਨੂੰ ਸਭ ਤੋਂ ਵਧੀਆ ਚੀਜ਼ਾਂ ਦੇਣਾ ਚਾਹੁੰਦੀ ਸੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਜਿਸ ਦਿਨ ਉਹ ਲਾਪਤਾ ਹੋਈ ਸੀ ਉਸੇ ਦਿਨ ਤੋਂ ਇਕ ਤਲਾਸ਼ੀ ਮੁਹਿੰਮ ਚਲਾਈ ਗਈ ਸੀ ਅਤੇ ਉਸ ਦੇ ਲਾਪਤਾ ਹੋਣ ਦੇ ਪੋਸਟਰ ਅਮਰੀਕਾ ‘ਚ ਭਾਰਤੀ ਭਾਈਚਾਰੇ ਦੇ ਸੋਸ਼ਲ ਮੀਡੀਆ ਸਮੂਹਾਂ ‘ਚ ਪ੍ਰਸਾਰਿਤ ਕੀਤੇ ਗਏ ਸਨ। ਉਸਦੀ ਲਾਸ਼ ਨੂੰ ਉਸਦੇ ਅੰਤਿਮ ਸਸਕਾਰ ਲਈ ਮੈਸੂਰ ਲਿਜਾਣ ਲਈ ਸੇਵਾਵਾਂ ਦੀ ਲਾਗਤ ਦਾ ਪ੍ਰਬੰਧਨ ਕਰਨ ਲਈ ਇਕ ਫੰਡਰੇਜ਼ਰ ਸਥਾਪਤ ਕੀਤਾ ਗਿਆ ਹੈ।