ਪੰਜਾਬ ਸਰਕਾਰ ਲਈ ਲਤੀਫ਼ਪੁਰਾ ਮਾਮਲਾ ਵੀ ਸਿਰਦਰਦੀ ਬਣਦਾ ਜਾ ਰਿਹਾ ਹੈ। ਨਗਰ ਸੁਧਾਰ ਟਰੱਸਟ ਜਲੰਧਰ ਵੱਲੋਂ ਲਤੀਫ਼ਪੁਰਾ ‘ਚ ਜਿਹੜੇ 50 ਘਰਾਂ ਨੂੰ ਉਜਾੜਿਆ ਗਿਆ ਸੀ ਉਨ੍ਹਾਂ ਪੀੜਤਾਂ ਨੇ ਹੁਣ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਪੀੜਤਾਂ ਨੇ ਵਿਧਾਇਕ ਸ਼ੀਤਲ ਅੰਗੁਰਾਲ ਦਾ ਘਰ ਘੇਰਿਆ ਸੀ ਅਤੇ ਹੁਣ 21 ਫਰਵਰੀ ਨੂੰ ‘ਆਪ’ ਆਗੂ ਤੇ ਜਲੰਧਰ ਛਾਉਣੀ ਹਲਕੇ ਦੇ ਇੰਚਾਰਜ ਸੁਰਿੰਦਰ ਸਿੰਘ ਸੋਢੀ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਮੋਰਚੇ ਦੇ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਪਿੰਦੂ ਬਾਸੀ ਪਹਿਲੇ ਦਿਨ ਭੁੱਖ ਹੜਤਾਲ ‘ਤੇ ਬੈਠੇ। ਅਣਮਿੱਥੇ ਸ਼ੁਰੂ ਕੀਤੀ ਭੁੱਖ ਹੜਤਾਲ ਰੋਜ਼ਾਨਾ ਸਵੇਰੇ 10 ਵਜੇ ਸ਼ੁਰੂ ਹੋਵੇਗੀ ਤੇ ਸ਼ਾਮ 5 ਵਜੇ ਮੁੱਖ ਮੰਤਰੀ ਪੰਜਾਬ ਤੇ ਨਗਰ ਸੁਧਾਰ ਟੱਰਸਟ ਦੇ ਚੇਅਰਮੈਨ ਦੇ ਪੁਤਲੇ ਫੂਕੇ ਸਮਾਪਤ ਹੋਇਆ ਕਰੇਗੀ। ਭਲਕੇ ਲਤੀਫ਼ਪੁਰਾ ਪਰਿਵਾਰਾਂ ਨਾਲ ਸਬੰਧਤ ਸੰਘਰਸ਼ਸ਼ੀਲ ਲੋਕ ਵੀ ਭੁੱਖ ਹੜਤਾਲ ‘ਤੇ ਬੈਠਣਗੇ। ਇਸ ਮੌਕੇ ਆਗੂਆਂ ਨੇ ਦੋਸ਼ ਲਗਾਇਆ ਗਿਆ ਕਿ ਭੂ-ਮਾਫੀਆ ਦੇ ਹੱਕ ‘ਚ ਭੁਗਤਦੇ ਹੋਏ 1947 ਵੇਲੇ ਪਾਕਿਸਤਾਨ ਤੋਂ ਉੱਜੜ ਆਏ ਲਤੀਫ਼ਪੁਰਾ ਪਿੰਡ ਦੇ ਲੋਕਾਂ ਨੂੰ ਇਕ ਵਾਰ ਫਿਰ ਉਜਾੜਨ ਨਾਲ ਦੁਨੀਆਂ ਭਰ ‘ਚ ਨਗਰ ਸੁਧਾਰ ਟਰੱਸਟ ਦੀ ਬਦਨਾਮੀ ਹੋ ਰਹੀ ਹੈ। ਮੋਰਚੇ ਦੇ ਆਗੂ ਕਸ਼ਮੀਰ ਸਿੰਘ ਘੁਗਸ਼ੋਰ, ਸੰਤੋਖ ਸਿੰਘ ਸੰਧੂ, ਡਾਕਟਰ ਗੁਰਦੀਪ ਸਿੰਘ ਭੰਡਾਲ, ਸਰਬਜੀਤ ਸਿੰਘ, ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ, ਗੁਰਬਖਸ਼ ਸਿੰਘ, ਬਲਜਿੰਦਰ ਕੌਰ ਨੇ ਕਿਹਾ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।