‘ਲਿੱਟੇ’ ਮੁਖੀ ਬਾਰੇ ਇਕ ਚੋਟੀ ਦੇ ਤਾਮਿਲ ਰਾਸ਼ਟਰਵਾਦੀ ਆਗੂ ਨੇ ਦਾਅਵਾ ਕੀਤਾ ਹੈ ਕਿ ਈਲਮ ਤਾਮਿਲਾਂ ਦਾ ਆਗੂ ਵੇਲੂਪਿੱਲਈ ਪ੍ਰਭਾਕਰਨ ਜਿਊਂਦਾ ਹੈ ਤੇ ਬਿਲਕੁਲ ਠੀਕ ਹੈ। ਪਜ਼ਹਾ ਨੇਦੂਮਾਰਨ ਨੇ ਕਿਹਾ ਕਿ ਪ੍ਰਭਾਕਰਨ ਦੇ ਬਾਹਰ ਆਉਣ ਲਈ ਹੁਣ ਬਿਲਕੁਲ ਉਸਾਰੂ ਮਾਹੌਲ ਬਣ ਚੁੱਕਾ ਹੈ। ਨੇਦੂਮਾਰਨ ਨੇ ਕਿਹਾ ਕਿ ਉਸ ਦਾ ਐਲਾਨ ‘ਬਿਲਕੁਲ ਸੱਚ’ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਕੌਮਾਂਤਰੀ ਸਿਆਸੀ ਵਾਤਾਵਰਨ ਤੇ ਸਿਨਹਾਲੀ ਲੋਕਾਂ ਵੱਲੋਂ ਰਾਜਪਕਸਾ ਪਰਿਵਾਰ ਦਾ ਵਿਰੋਧ ਪ੍ਰਭਾਕਰਨ ਦੇ ਉਭਾਰ ਲਈ ਸਾਜ਼ਗਾਰ ਹੈ। ਆਗੂ ਨੇ ਕਿਹਾ ਕਿ ‘ਲਿੱਟੇ’ ਦਾ ਆਗੂ ਠੀਕ ਹੈ। ਉਹ ਜਲਦੀ ਹੀ ਸ੍ਰੀਲੰਕਾ ‘ਚ ਈਲਮ ਤਾਮਿਲਾਂ ਦੇ ਨਵੇਂ ਸਿਰਿਓਂ ਉਭਾਰ ਦਾ ਐਲਾਨ ਕਰ ਸਕਦਾ ਹੈ। ਤਾਮਿਲ ਆਗੂ ਨੇ ਸ੍ਰੀਲੰਕਾ ਤੇ ਦੁਨੀਆ ਦੇ ਬਾਕੀ ਹਿੱਸਿਆਂ ‘ਚ ਰਹਿ ਰਹੇ ਤਾਮਿਲ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਇਕਜੁੱਟ ਹੋਣ ਤੇ ਆਪਣਾ ਪੂਰਾ ਸਮਰਥਨ ਦੇਣ। ਸ੍ਰੀਲੰਕਾ ਨੇ ਪ੍ਰਭਾਕਰਨ ਬਾਰੇ ਤਾਮਿਲਨਾਡੂ ਦੇ ਆਗੂ ਦੇ ਦਾਅਵੇ ਨੂੰ ‘ਮਜ਼ਾਕ’ ਕਰਾਰ ਦਿੱਤਾ ਹੈ। ਮੁਲਕ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਨਲਿਨ ਹੇਰਥ ਨੇ ਕਿਹਾ, ‘ਇਹ ਪੱਕਾ ਹੈ ਕਿ ਉਹ 19 ਮਈ 2009 ਨੂੰ ਮਾਰਿਆ ਜਾ ਚੁੱਕਾ ਹੈ।’