ਲੈਂਗਲੇ (ਬ੍ਰਿਟਿਸ਼ ਕੋਲੰਬੀਆ) ‘ਚ ਕੰਮ ਤੋਂ ਘਰ ਜਾਂਦੇ ਹੋਏ ਜਿਸ ਨੌਜਵਾਨ ਦੀ ਪਿਛਲੇ ਦਿਨੀਂ ਸੜਕ ਹਾਦਸੇ ‘ਚ ਮੌਤ ਹੋ ਗਈ ਸੀ ਉਸ ਦੀ ਪਛਾਣ ਹੋ ਗਈ ਹੈ। ਇਹ ਇਕ ਪੰਜਾਬੀ ਨੌਜਵਾਨ ਸੀ ਜਿਸ ਦੀ ਉਮਰ ਸਿਰਫ 17 ਸਾਲ ਸੀ ਅਤੇ ਉਹ ਕਬੱਡੀ ਦਾ ਉੱਭਰਦਾ ਖਿਡਾਰੀ ਸੀ। ਮ੍ਰਿਤਕ ਦੀ ਪਛਾਣ ਟੇਰਨ ਸਿੰਘ ਲਾਲ ਵਜੋਂ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟੇਰਨ ਸਿੰਘ ਰਾਤ ਨੂੰ ਕੰਮ ਤੋਂ ਘਰ ਜਾ ਰਿਹਾ ਸੀ। ਖ਼ਰਾਬ ਮੌਸਮ ਕਾਰਨ ਉਸ ਦੀ ਕਾਰ ਬੇਕਾਬੂ ਹੋ ਕੇ ਫਰੇਜ਼ਰ ਹਾਈਵੇ ‘ਤੇ ਇਕ ਖੰਭੇ ਨਾਲ ਟਕਰਾ ਗਈ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਟੇਰਨ ਤਮਨਾਵਿਸ ਸੈਕੰਡਰੀ ਸਕੂਲ ਦਾ ਇਕ ਵਿਦਿਆਰਥੀ ਸੀ ਅਤੇ ਸਕੂਲ ਵੱਲੋਂ ਵੀ ਟੇਰਨ ਨੂੰ ਫੇਸਬੁੱਕ ‘ਤੇ ਉਸ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਸ਼ਰਧਾਂਜਲੀ ਦਿੱਤੀ ਗਈ ਹੈ। ਫੇਸਬੁੱਕ ਪੋਸਟ ਮੁਤਾਬਕ ਟੇਰਨ ਨੂੰ ਖੇਡਾਂ, ਖਾਸ ਤੌਰ ‘ਤੇ ਕੁਸ਼ਤੀ ਅਤੇ ਕਬੱਡੀ ਨਾਲ ਬਹੁਤ ਪਿਆਰ ਸੀ। ਉਹ ਆਪਣੇ ਸਕਾਰਾਤਮਕ ਰਵੱਈਏ ਅਤੇ ਚੰਗੇ ਚਰਿੱਤਰ ਨਾਲ ਆਪਣੇ ਸਾਥੀਆਂ ਲਈ ਇਕ ਰੋਲ ਮਾਡਲ ਸੀ। ਟੇਰਨ ਦੇ ਅੰਤਿਮ ਸਸਕਾਰ ਦੇ ਖ਼ਰਚ ਲਈ ਗੋਫੰਡਮੀ ਪੇਜ ‘ਤੇ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਟੇਰਨ ਦੇ ਦੋਸਤਾਂ ਨੇ ਦੱਸਿਆ ਕਿ ਉਹ ਇਕ ਦਿਨ ਪੁਲੀਸ ਅਫ਼ਸਰ ਬਣਨਾ ਚਾਹੁੰਦਾ ਸੀ। ਲੈਂਗਲੇ ਆਰ.ਸੀ.ਐਮ.ਪੀ. ਨੇ ਕਿਹਾ ਕਿ ਉਨ੍ਹਾਂ ਨੂੰ ਰਾਤ 8:30 ਵਜੇ ਦੇ ਕਰੀਬ ਫਰੇਜ਼ਰ ਹਾਈਵੇਅ ਅਤੇ 228ਵੀਂ ਸਟਰੀਟ ਨੇੜੇ ਹਾਦਸੇ ਵਾਲੀ ਥਾਂ ‘ਤੇ ਬੁਲਾਇਆ ਗਿਆ ਸੀ। ਅਧਿਕਾਰੀਆਂ ਦਾ ਮੰਨਣਾ ਹੈ ਕਿ ਟੱਕਰ ਨਾਲ ਡਰਾਈਵਰ ਦੀ ਮੌਕੇ ‘ਤੇ ਮੌਤ ਹੋ ਗਈ ਜਿਸ ਦੀ ਪਛਾਣ ਹੁਣ ਹੋਈ ਹੈ।