ਕਰੀਬ ਦੋ ਸਾਲ ਪਹਿਲਾਂ ਯੂ.ਪੀ. ਦੇ ਲਖੀਮਪੁਰ ਖੀਰੀ ‘ਚ ਵਾਪਰੀ ਹਿੰਸਕ ਘਟਨਾ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਅੱਜ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪੁੱਤ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇ ਦਿੱਤੀ। ਇਹ ਅੰਤਰਿਮ ਜ਼ਮਾਨਤ ਸ਼ਰਤਾਂ ਤਹਿਤ 8 ਹਫਤੇ ਲਈ ਦਿੱਤੀ ਗਈ ਹੈ। ਇਸ ‘ਚ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇ ਸਮੇਂ ਦੌਰਾਨ ਯੂ.ਪੀ. ਅਤੇ ਦਿੱਲੀ ‘ਚ ਨਾ ਰਹਿਣ ਲਈ ਕਿਹਾ ਗਿਆ ਹੈ। ਯਾਦ ਰਹੇ ਕਿ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਪ੍ਰਦਰਸ਼ਨ ਤਹਿਤ ਹੀ ਵਿਰੋਧ ਪ੍ਰਦਰਸ਼ਨ ਤੋਂ ਪਰਤ ਰਹੇ ਕਿਸਾਨਾਂ ‘ਤੇ 2021 ‘ਚ ਜੀਪ ਚੜ੍ਹਾ ਦਿੱਤੀ ਗਈ ਸੀ ਜਿਸ ‘ਚ ਕੁਝ ਕਿਸਾਨਾਂ ਦੀ ਮੌਤ ਹੋ ਗਈ ਸੀ। ਬਾਅਦ ‘ਚ ਹਿੰਸਾ ਭੜਕੀ ਅਤੇ ਇਕ ਪੱਤਰਕਾਰ ਸਮੇਤ ਕੁੱਲ 8 ਵਿਅਕਤੀ ਮਾਰੇ ਗਏ ਸਨ। ਜਸਟਿਸ ਸੂਰਈਆਕਾਂਤ ਅਤੇ ਜਸਟਿਸ ਜੇ.ਕੇ. ਮਾਹੇਸ਼ਵਰੀ ਦੀ ਬੈਂਚ ਨੇ ਨਿਰਦੇਸ਼ ਦਿੱਤਾ ਕਿ ਆਸ਼ੀਸ਼ ਅੰਤਰਿਮ ਜ਼ਮਾਨਤ ਦੇ ਸਮੇਂ ਦੌਰਾਨ ਨਾ ਤਾਂ ਉੱਤਰ ਪ੍ਰਦੇਸ਼ ਅਤੇ ਨਾ ਹੀ ਦਿੱਲੀ ‘ਚ ਰਹਿ ਸਕੇਗਾ। ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ‘ਚ ਉਸ ਵੇਲੇ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਦੌਰੇ ਦਾ ਕਿਸਾਨਾਂ ਵਲੋਂ ਵਿਰੋਧ ਕੀਤੇ ਜਾਣ ਦੌਰਾਨ 3 ਅਕਤੂਬਰ 2021 ਨੂੰ ਹੋਈ ਹਿੰਸਾ ‘ਚ 8 ਲੋਕਾਂ ਦੀ ਮੌਤ ਹੋ ਗਈ ਸੀ। ਉੱਤਰ ਪ੍ਰਦੇਸ਼ ਪੁਲੀਸ ਦੀ ਐੱਫ.ਆਈ.ਆਰ. ਮੁਤਾਬਕ ਇਕ ਐੱਸ.ਯੂ.ਵੀ. ਨੇ 4 ਕਿਸਾਨਾਂ ਨੂੰ ਕੁਚਲ ਦਿੱਤਾ ਸੀ ਅਤੇ ਇਸ ‘ਚ ਆਸ਼ੀਸ਼ ਬੈਠਾ ਸੀ। ਇਸ ਘਟਨਾ ਮਗਰੋਂ ਐੱਸ.ਯੂ.ਵੀ. ਦੇ ਡਰਾਈਵਰ ਅਤੇ ਭਾਜਪਾ ਦੇ ਦੋ ਵਰਕਰਾਂ ਨੂੰ ਗੁੱਸੇ ‘ਚ ਆਏ ਕਿਸਾਨਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਹਿੰਸਾ ‘ਚ ਇਕ ਪੱਤਰਕਾਰ ਦੀ ਵੀ ਮੌਤ ਹੋ ਗਈ ਸੀ। ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਪਿਛਲੇ ਸਾਲ 26 ਜੁਲਾਈ ਨੂੰ ਆਸ਼ੀਸ਼ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ ਜਿਸ ਤੋਂ ਬਾਅਦ ਉਸ ਨੇ ਇਸ ਹੁਕਮ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਸੀ।