ਲਖੀਮਪੁਰ ਖੀਰੀ ਵਿਖੇ ਕਿਸਾਨਾਂ ‘ਤੇ ਭਾਜਪਾ ਆਗੂਆਂ ਵੱਲੋਂ ਗੱਡੀ ਚੜ੍ਹਾਉਣ ਅਤੇ ਮਗਰੋਂ ਹਿੰਸਾ ‘ਚ ਕਈ ਮੌਤਾਂ ਹੋਣ ਦੀ ਘਟਨਾ ਇਕ ਸਾਲ ਪਹਿਲਾਂ ਵਾਪਰੀ ਸੀ ਅਤੇ ਅੱਜ ਵੀ ਇਸ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੀ ਉਡੀਕ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਲਖੀਮਪੁਰ ਖੀਰੀ ਹਿੰਸਾ ਦੀ ਪਹਿਲੀ ਬਰਸੀ ਮੌਕੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਸਾਲ ਬਾਅਦ ਵੀ ਇਨਸਾਫ਼ ਦੀ ਉਡੀਕ ਹੈ। ਪੂਰਾ ਦੇਸ਼ ਅਜੇ ਤੱਕ ਤਿਕੁਨੀਆ ਪਿੰਡ ‘ਚ ਵਾਪਰੀ ਹਿੰਸਾ ਨੂੰ ਨਹੀਂ ਭੁੱਲਿਆ ਜਿਸ ‘ਚ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਸਣੇ ਅੱਠ ਜਣਿਆਂ ਦੀ ਜਾਨ ਜਾਂਦੀ ਰਹੀ ਸੀ। ਉਨ੍ਹਾਂ ਇਨਸਾਫ਼ ‘ਚ ਦੇਰੀ ਲਈ ਸੂਬਾ ਸਰਕਾਰ ਨੂੰ ਭੰਡਿਆ। ਉਨ੍ਹਾਂ ਕਿਹਾ ਕਿ ਹਾਕਮ ਕਾਨੂੰਨ ਪ੍ਰਬੰਧ ਤੇ ਸੰਵਿਧਾਨ ‘ਚ ਯਕੀਨ ਨਹੀਂ ਰੱਖਦੇ ਤੇ ਸੱਤਾ ਦੀ ਦੁਰਵਰਤੋਂ ਕਰ ਰਹੇ ਹਨ। ਟਿਕੈਤ ਸਮੇਤ ਹੋਰਨਾਂ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਬਕਾਇਆ ਮੰਗਾਂ ਮੰਨਵਾਉਣ ਤੱਕ ਚੁੱਪ ਨਾ ਰਹਿਣ ਦੀ ਚੇਤਾਵਨੀ ਦਿੱਤੀ। ਗੁਰਦੁਆਰਾ ਕੋੜੀਵਾਲਾ ਘਾਟ ਵਿਖੇ ਕਰਵਾਏ ਬਰਸੀ ਸਮਾਗਮ ‘ਚ ਇਲਾਕੇ ਦੀ ਸੰਗਤ ਨੇ ਵੀ ਸ਼ਿਰਕਤ ਕੀਤੀ। ਉਧਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਹਿਲੇ ਬਰਸੀ ਸਮਾਗਮ ਨੂੰ ਲੈ ਕੇ ਦੇਸ਼ ਭਰ ‘ਚ ਜ਼ਿਲ੍ਹਾ ਤੇ ਤਹਿਸੀਲ ਪੱਧਰੀ ਧਰਨੇ ਤੇ ਵਿਰੋਧ ਪ੍ਰਦਰਸ਼ਨ ਵੀ ਕੀਤੇ ਗਏ। ਅਧਿਕਾਰੀਆਂ ਦੀ ਮਾਰਫ਼ਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਮੰਗ ਪੱਤਰ ਭੇਜੇ ਗਏ। ਲਖੀਮਪੁਰ ਖੀਰੀ ਹਿੰਸਾ ‘ਚ ਮਾਰੇ ਗਏ ਚਾਰ ਕਿਸਾਨਾਂ ਅਤੇ ਇਕ ਪੱਤਰਕਾਰ ਦੀ ਪਹਿਲੀ ਬਰਸੀ ਉੱਤਰ ਪ੍ਰਦੇਸ਼ ਦੇ ਤਿਕੁਨੀਆ ਕਸਬੇ ‘ਚ ਵਾਰਦਾਤ ਵਾਲੀ ਥਾਂ ਨੇੜੇ ਸਥਿਤ ਗੁਰਦੁਆਰਾ ਕੋੜੀਵਾਲਾ ਘਾਟ ਵਿਖੇ ਮਨਾਈ ਗਈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦੇ ਸ਼ਰਧਾਂਜਲੀ ਸਮਾਗਮ ‘ਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ ਤੇ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਆਦਿ ਦੇ ਕਿਸਾਨ ਆਗੂ ਸ਼ਾਮਲ ਹੋਏ। ਬਰਸੀ ਸਮਾਗਮ ‘ਚ ਪੰਜਾਬ ਤੋਂ ਕਿਸਾਨ ਆਗੂ ਬੂਟਾ ਸਿੰਘ ਬੁਰਜ ਗਿੱਲ, ਰਾਮਿੰਦਰ ਸਿੰਘ ਪਟਿਆਲਾ, ਜਗਮਨਦੀਪ ਸਿੰਘ ਪੜੀ ਅਤੇ ਉੱਤਰਾਖੰਡ ਦੇ ਕਿਸਾਨ ਆਗੂ ਤੇਜਿੰਦਰ ਸਿੰਘ ਵਿਰਕ ਤੇ ਜਗਤਾਰ ਸਿੰਘ ਬਾਜਵਾ ਨੇ ਸ਼ਿਰਕਤ ਕੀਤੀ। ਆਗੂਆਂ ਨੇ ਕਿਹਾ ਕਿ ਪੰਡਾਲ ‘ਚ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕਾਂ ਦੀ ਸ਼ਮੂਲੀਅਤ ਦੱਸ ਰਹੀ ਹੈ ਕਿ ਲੋਕ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਦੇ ਤੇ ਉਨ੍ਹਾਂ ਤੋਂ ਪ੍ਰੇਰਨਾ ਲੈਂਦੇ ਹਨ। ਪਿਛਲੇ ਸਾਲ ਤਿੰਨ ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ਕਸਬੇ ‘ਚ ਸ਼ਾਂਤਮਈ ਅੰਦੋਲਨ ਕਰਕੇ ਵਾਪਸ ਪਰਤ ਰਹੇ ਕਿਸਾਨਾਂ ਨੂੰ ਥਾਰ ਜੀਪ ਹੇਠ ਦਰੜ ਦਿੱਤਾ ਸੀ। ਇਸ ਘਟਨਾ ‘ਚ ਚਾਰ ਕਿਸਾਨ ਤੇ ਇੱਕ ਪੱਤਰਕਾਰ ਸ਼ਹੀਦ ਅਤੇ 13 ਤੋਂ ਵੱਧ ਕਿਸਾਨ ਗੰਭੀਰ ਜ਼ਖ਼ਮੀ ਹੋ ਗਏ ਸਨ। ਸ਼ਹੀਦ ਕਿਸਾਨਾਂ ਦੀਆਂ ਅੰਤਿਮ ਰਸਮਾਂ ਮੌਕੇ ਸਰਕਾਰ ਨੇ ਕਿਸਾਨ ਆਗੂਆਂ ਨਾਲ ਕੁਝ ਮੰਗਾਂ ‘ਤੇ ਸਮਝੌਤਾ ਕੀਤਾ ਸੀ, ਪਰ ਨਾ ਕੇਂਦਰ ਸਰਕਾਰ ਤੇ ਨਾ ਹੀ ਸੂਬਾ ਸਰਕਾਰ ਨੇ ਇਨ੍ਹਾਂ ਮੰਗਾਂ ਵੱਲ ਕੋਈ ਧਿਆਨ ਦਿੱਤਾ। ਮੋਰਚੇ ਨੇ ਮੰਗ ਕੀਤੀ ਕਿ ਅਜੈ ਮਿਸ਼ਰਾ ਟੈਨੀ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਤੇ ਗ੍ਰਿਫ਼ਤਾਰ ਕੀਤਾ ਜਾਵੇ। ਜੇਲ੍ਹ ‘ਚ ਬੰਦ ਕਿਸਾਨਾਂ ਦੀ ਤੁਰੰਤ ਰਿਹਾਈ ਤੇ ਫਰਜ਼ੀ ਕੇਸਾਂ ਦੀ ਵਾਪਸੀ ਹੋਵੇ। ਸ਼ਹੀਦ ਕਿਸਾਨਾਂ ਤੇ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਅਤੇ ਸਰਕਾਰੀ ਨੌਕਰੀ, ਵਾਰਸਾਂ ਨੂੰ 45 ਲੱਖ ਰੁਪਏ ਮੁਆਵਜ਼ਾ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਜ਼ਖ਼ਮੀਆਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ ਵਾਅਦਾ ਪੂਰਾ ਕੀਤਾ ਜਾਵੇ।