ਪੰਜਾਬ ਕਿੰਗਜ਼ ਨੂੰ ਆਈ.ਪੀ.ਐੱਲ. ਮੈਚ ‘ਚ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਲਖਨਊ ਸੁਪਰ ਜਾਇੰਟਸ ਨੇ ਪੰਜਾਬ ਨੂੰ 56 ਦੌੜਾਂ ਨਾਲ ਹਰਾ ਕੇ ਇਹ ਮੈਚ ਜਿੱਤਿਆ। ਲਖਨਊ ਵੱਲੋਂ ਦਿੱਤੇ 258 ਦੌੜਾਂ ਦੇ ਵੱਡੇ ਟੀਚੇ ਦੇ ਜਵਾਬ ‘ਚ ਪੰਜਾਬ ਕਿੰਗਜ਼ ਦੀ ਟੀਮ ਨਿਰਧਾਰਿਤ 20 ਓਵਰ ਵੀ ਪੂਰੇ ਨਹੀਂ ਖੇਡ ਸਕੀ ਤੇ ਇਕ ਗੇਂਦ ਪਹਿਲਾਂ ਹੀ 201 ਦੌੜਾਂ ‘ਤੇ ਆਲ ਆਊਟ ਹੋ ਗਏ। ਕਾਇਲ ਮਾਇਰਸ ਤੇ ਮਾਰਕਸ ਸਟੋਇਨਿਸ ਦੀਆਂ ਹਮਲਾਵਰ ਪਾਰੀਆਂ ਦੇ ਦਮ ‘ਤੇ ਲਖਨਊ ਸੁਪਰ ਜਾਇੰਟਸ ਨੇ ਆਈ.ਪੀ.ਐੱਲ. ਦੇ ਇਤਿਹਾਸ ਦਾ ਦੂਜਾ ਸਭ ਤੋਂ ਵੱਡਾ ਸਕੋਰ ਬਣਾਉਣ ਤੋਂ ਬਾਅਦ ਪੰਜਾਬ ਕਿੰਗਜ਼ ਨੂੰ ਟੀ-20 ਮੈਚ ‘ਚ 56 ਦੌੜਾਂ ਨਾਲ ਹਰਾ ਦਿਤਾ। ਮਾਇਰਸ ਨੇ ਪਾਵਰਪਲੇਅ ‘ਚ ਬੱਲੇ ਨਾਲ ਤੂਫਾਨ ਲਿਆਉਂਦੇ ਹੋਏ 24 ਗੇਂਦਾਂ ‘ਚ 54 ਦੌੜਾਂ ਬਣਾਈਆਂ ਜਦਕਿ ਸਟੋਇੰਸ ਨੇ 40 ਗੇਂਦਾਂ ‘ਚ 72 ਦੌੜਾਂ ਦੀ ਪਾਰੀ ਖੇਡੀ, ਜਿਸ ਦੇ ਦਮ ‘ਤੇ ਲਖਨਊ ਨੇ 5 ਵਿਕਟ ‘ਤੇ 257 ਦੌੜਾਂ ਬਣਾਈਆਂ। ਆਯੂਸ਼ ਬਾਦੋਨੀ ਨੇ 24 ਗੇਂਦਾਂ ‘ਚ 43 ਤੇ ਨਿਕੋਲਸ ਪੂਰਨ ਨੇ 19 ਗੇਂਦਾਂ ‘ਚ 45 ਦੌੜਾਂ ਦੀ ਪਾਰੀ ਖੇਡੀ। ਜਵਾਬ ‘ਚ ਪੰਜਾਬ ਦੀ ਟੀਮ 19.5 ਓਵਰਾਂ ‘ਚ 201 ਦੌੜਾਂ ‘ਤੇ ਆਊਟ ਹੋ ਗਈ। ਅਰਥਵ ਤਾਇਡੇ ਨੇ 36 ਗੇਂਦਾਂ ‘ਚ 66 ਦੌੜਾਂ ਬਣਾਈਆਂ, ਜਿਹੜਾ ਆਈ.ਪੀ.ਐੱਲ. ‘ਚ ਉਸ ਦਾ ਪਹਿਲਾ ਅਰਧ ਸੈਂਕੜਾ ਹੈ। ਲਿਆਮ ਲਿਵਿੰਗਸਟੋਨ ਤੇ ਸਿਕੰਦਰ ਰਜ਼ਾ ਹਾਲਾਂਕਿ ਟਿਕ ਕੇ ਨਹੀਂ ਖੇਡ ਸਕੇ। ਕਪਤਾਨ ਸ਼ਿਖਰ ਧਵਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ ਜਿਹੜਾ ਗਲਤ ਸਾਬਤ ਹੋਇਆ। ਬੱਲੇਬਾਜ਼ਾਂ ਦੀ ਐਸ਼ਗਾਹ ਪਿੱਚ ‘ਤੇ ਸਿਰਫ ਲਖਨਊ ਦਾ ਕਪਤਾਨ ਕੇ.ਐੱਲ. ਰਾਹੁਲ ਨਹੀਂ ਚੱਲ ਸਕਿਆ ਤੇ 9 ਗੇਂਦਾਂ ‘ਤੇ 12 ਦੌੜਾਂ ਬਣਾ ਕੇ ਆਊਟ ਹੋਇਆ। ਉਸ ਨੂੰ ਮੈਚ ਦੀ ਪਹਿਲੀ ਗੇਂਦ ਤੇ ਗੁਰਨੂਰ ਬਰਾੜ ਦੀ ਗੇਂਦ ‘ਤੇ ਜੀਵਨਦਾਨ ਵੀ ਮਿਲਿਆ ਪਰ ਉਹ ਇਸ ਦਾ ਫਾਇਦਾ ਨਹੀਂ ਚੁੱਕ ਸਕਿਆ। ਮਾਇਰਸ ਨੇ ਪਹਿਲੇ ਹੀ ਓਵਰ ‘ਚ ਅਰਸ਼ਦੀਪ ਨੂੰ ਚਾਰ ਚੌਕੇ ਲਗਾਏ। ਆਪਣੀ ਪਾਰੀ ‘ਚ ਉਸ ਨੇ 7 ਚੌਕੇ ਤੇ 4 ਛੱਕੇ ਲਗਾਏ। ਮਾਇਰਸ ਦੇ ਆਊਟ ਹੋਣ ਤੋਂ ਬਾਅਦ ਸਟੋਇੰਸ ਤੇ ਬਾਦੋਨੀ ਨੇ 47 ਗੇਂਦਾਂ ‘ਚ 89 ਦੌੜਾਂ ਜੋੜੀਆਂ। ਸਟੋਇਨਿਸ ਨੇ ਆਪਣੀ ਪਾਰੀ ‘ਚ 5 ਛੱਕੇ ਤੇ 6 ਚੌਕੇ ਲਗਾਏ। ਲਖਨਊ ਨੇ ਆਖ਼ਰੀ 6 ਓਵਰਾਂ ‘ਚ 73 ਦੌੜਾਂ ਬਣਾਈਆਂ। ਸਟੋਇਨਿਸ 13ਵੇਂ ਓਵਰ ‘ਚ ਆਊਟ ਹੋ ਜਾਂਦਾ ਪਰ ਲਾਂਗ ਆਨ ‘ਤੇ ਕੈਚ ਫੜਨ ਦੀ ਕੋਸ਼ਿਸ਼ ‘ਚ ਲਿਆਮ ਲਿਵਿੰਗਸਟੋਨ ਨੇ ਬਾਊਂਡਰੀ ‘ਤੇ ਉਸ ਦਾ ਕੈਚ ਛੱਡ ਦਿੱਤਾ।