ਸਖ਼ਤ ਲੌਕਡਾਊਨ ਕਾਰਨ ਪ੍ਰੇਸ਼ਾਨ ਸ਼ੰਘਾਈ ਵਾਸੀਆਂ ਨੂੰ ਰਾਹਤ ਮਿਲਣ ਜਾ ਰਹੀ ਸੀ ਕਿ ਸ਼ੰਘਾਈ ’ਚ ਕਰੋਨਾ ਵਾਇਰਸ ਦੀ ਨਵੀਂ ਲਹਿਰ ’ਚ ਪਹਿਲੀ ਮੌਤ ਦਰਜ ਕੀਤੀ ਗਈ ਜਿਸ ਮਗਰੋਂ ਲੌਕਡਾਊਨ ਜਾਰੀ ਰਹਿਣ ਦੀ ਸੰਭਾਵਨਾ ਹੈ। 2.5 ਕਰੋਡ਼ ਦੀ ਆਬਾਦੀ ਵਾਲੇ ਸ਼ੰਘਾਈ ’ਚ ਤਾਲਾਬੰਦੀ ਹੈ, ਅਜਿਹੇ ’ਚ ਲੋਕ ਘਰਾਂ ’ਚ ਕੈਦ ਰਹਿਣ ਲਈ ਮਜਬੂਰ ਹਨ। ਸ਼ੰਘਾਈ ’ਚ 17 ਅਪ੍ਰੈਲ ਨੂੰ ਕਰੋਨਾ ਦੇ 19,831 ਕੇਸ ਦਰਜ ਕੀਤੇ ਗਏ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 21,582 ਕੇਸ ਦਰਜ ਕੀਤੇ ਗਏ ਸਨ। ਹਾਲਾਂਕਿ ਇਨ੍ਹਾਂ ਲੋਕਾਂ ’ਚ ਕਰੋਨਾ ਦੇ ਲੱਛਣ ਦੇਖਣ ਨੂੰ ਨਹੀਂ ਮਿਲੇ ਹਨ, ਉਥੇ ਕਰੋਨਾ ਦੇ ਲੱਛਣ ਵਾਲੇ 2,417 ਨਵੇਂ ਮਰੀਜ ਮਿਲੇ ਹਨ। ਹਾਲਾਂਕਿ ਸ਼ਨੀਵਾਰ ਨੂੰ ਅਜਿਹੇ 3,238 ਕੇਸ ਮਿਲੇ ਸਨ। ਦੱਸਿਆ ਜਾ ਰਿਹਾ ਹੈ ਕਿ ਚੀਨ ’ਚ 10 ਮਾਰਚ ਦੇ ਬਾਅਦ ਤੋਂ 20 ਕਰੋਡ਼ ਕਰੋਨਾ ਟੈਸਟ ਕੀਤੇ ਗਏ ਹਨ। ਇਸ ਤੋਂ ਇਲਾਵਾ 2019 ’ਚ ਵੁਹਾਨ ’ਚ ਫੈਲੇ ਕਰੋਨਾ ਦੇ ਬਾਅਦ ਸ਼ੰਘਾਈ ਹੁਣ ਤੱਕ ਦਾ ਸਭ ਤੋਂ ਸੰਕ੍ਰਮਿਤ ਸ਼ਹਿਰ ਬਣ ਗਿਆ ਹੈ। ਚੀਨ ’ਚ ਇਸ ਤੋਂ ਪਹਿਲਾਂ ਮਾਚਚ ’ਚ ਜਿਲਿਨ ਸੂਬੇ ’ਚ ਕਰੋਨਾ ਨਾਲ ਦੋ ਲੋਕਾਂ ਦੀ ਮੌਤ ਹੋਈ ਸੀ। ਇਹ ਮੌਤਾਂ ਚੀਨ ’ਚ ਇਕ ਸਾਲ ਬਾਅਦ ਹੋਈਆਂ ਸਨ। ਚੀਨ ਨੇ ਕਰੋਨਾ ਖ਼ਿਲਾਫ਼ ਸਖ਼ਤ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਹੋਈ ਹੈ। ਇਸ ਦੇ ਤਹਿਤ ਵੱਡੇ ਪੱਧਰ ’ਤੇ ਜਾਂਚ ਕੀਤੀ ਜਾਂਦੀ ਹੈ। ਲੋਕਾਂ ਨੂੰ ਕੁਆਰੰਟੀਨ ਕੀਤਾ ਜਾਂਦਾ ਹੈ। ਉਨ੍ਹਾਂ ’ਤੇ ਸਖ਼ਤ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ। ਸ਼ੰਘਾਈ ਕਰੋਨਾ ਦੀ ਹੁਣ ਤੱਕ ਦੀ ਸਭ ਤੋਂ ਖਰਾਬ ਲਹਿਰ ਨਾਲ ਜੂਝ ਰਿਹਾ ਹੈ। ਸ਼ੰਘਾਈ ’ਚ ਕਰੋਨਾ ਦੇ ਮਾਮਲਿਆਂ ’ਚ ਜ਼ਬਰਦਸਤ ਤੇਜ਼ੀ ਦਾ ਕਾਰਨ ਓਮੀਕਰੋਨ ਨੂੰ ਮੰਨਿਆ ਜਾ ਰਿਹਾ ਹੈ। ਕੋਰੋਨਾ ਨਾਲ ਸ਼ੰਘਾਈ ਦੇ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਇਥ ਹੁਣ ਸੰਕ੍ਰਮਿਤਾਂ ਨੂੰ ਰੱਖਣ ਲਈ ਕੁਆਰੰਟੀਨ ਸੈਂਟਰ ’ਚ ਜਗ੍ਹਾ ਨਹੀਂ ਬਚੀ ਹੈ। ਸਕੂਲਾਂ ਅਤੇ ਦਫਤਰਾਂ ਦੀਆਂ ਇਮਾਰਤਾ ਨੂੰ ਕੁਆਰੰਟੀਨ ਸੈਂਟਰ ’ਚ ਤਬਦੀਲ ਕੀਤਾ ਜਾ ਰਿਹਾ ਹੈ।