ਆਲ ਇੰਡੀਆ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਆਗੂ ਰਾਹੁਲ ਗਾਂਧੀ ਆਪਣੇ ਕੇਰਲਾ ਦੇ ਸੰਸਦੀ ਹਲਕੇ ਵਾਇਨਾਡ ਦੇ ਦੌਰੇ ‘ਤੇ ਪੁੱਜੇ। ਇਸ ਸਮੇਂ ਉਹ ਕਈ ਸਮਾਗਮਾਂ ‘ਚ ਸ਼ਿਰਕਤ ਕਰਨ ਤੋਂ ਇਲਾਵਾ ਉਸ ਕਬਾਇਲੀ ਵਿਅਕਤੀ ਦੇ ਘਰ ਪੁੱਜੇ ਜਿਸ ਦੀ ਲਾਸ਼ ਕੋਜ਼ੀਕੋਡ ਮੈਡੀਕਲ ਕਾਲਜ ਨੇੜਿਉਂ ਮਿਲੀ ਸੀ। ਜ਼ਿਕਰਯੋਗ ਹੈ ਕਿ 11 ਫਰਵਰੀ ਨੂੰ ਕੋਜ਼ੀਕੋਡ ਦੇ ਮੈਡੀਕਲ ਕਾਲਜ ਹਸਪਤਾਲ ਨੇੜਿਉਂ ਵਿਸ਼ਵਨਾਥਨ (46) ਦੀ ਲਾਸ਼ ਲਟਕਦੀ ਮਿਲੀ ਸੀ। ਇਸ ਦੌਰਾਨ ਉਸ ਦੀ ਪਤਨੀ ਇਸ ਹਸਪਤਾਲ ‘ਚ ਜਣੇਪੇ ਲਈ ਦਾਖਲ ਸੀ। ਕੋਜ਼ੀਕੋਡ ਕੌਮਾਂਤਰੀ ਏਅਰਪੋਰਟ ‘ਤੇ ਪੁੱਜਣ ‘ਤੇ ਰਾਹੁਲ ਗਾਂਧੀ ਦਾ ਪਾਰਟੀ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮਗਰੋਂ ਉਹ ਪਾਰਟੀ ਵਰਕਰਾਂ ਨਾਲ ਵਾਇਨਾਡ ਜ਼ਿਲ੍ਹੇ ‘ਚ ਵਿਸ਼ਵਨਾਥਨ ਦੇ ਘਰ ਪੁੱਜੇ। ਉਨ੍ਹਾਂ ਮ੍ਰਿਤਕ ਦੇ ਪਰਿਵਾਰ ਨਾਲ ਕੁਝ ਸਮਾਂ ਬਿਤਾਇਆ ਅਤੇ ਉਨ੍ਹਾਂ ਦੇ ਦੁਖੜੇ ਸੁਣੇ। ਦੂਜੇ ਪਾਸੇ ਕੋਜ਼ੀਕੋਡ ਮੈਡੀਕਲ ਕਾਲਜ ਦੀ ਪੁਲੀਸ ਦਾ ਕਹਿਣਾ ਹੈ ਕਿ ਕਬਾਇਲੀ ਵਿਅਕਤੀ ਦੇ ਹਸਪਤਾਲ ਤੋਂ ਲਾਪਤਾ ਹੋਣ ਸਬੰਧੀ ਰਿਸ਼ਤੇਦਾਰਾਂ ਦੀ ਸ਼ਿਕਾਇਤ ‘ਤੇ ਪਹਿਲਾਂ ਹੀ ਕੇਸ ਦਰਜ ਕਰ ਲਿਆ ਗਿਆ ਸੀ। ਇਸ ਮਗਰੋਂ 11 ਫਰਵਰੀ ਨੂੰ ਉਸ ਦੀ ਲਾਸ਼ ਲਟਕਦੀ ਮਿਲੀ। ਪਰਿਵਾਰ ਨੇ ਦੋਸ਼ ਲਾਇਆ ਕਿ ਕੁਝ ਵਿਅਕਤੀਆਂ ਵੱਲੋਂ ਵਿਸ਼ਵਨਾਥਨ ‘ਤੇ ਚੋਰੀ ਦਾ ਦੋਸ਼ ਲਗਾ ਕੇ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਇਸ ਮਗਰੋਂ ਉਸ ਦੀ ਕੋਈ ਉੱਘ-ਸੁੱਘ ਨਾ ਲੱਗੀ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਾਰੋਬਾਰੀ ਗੌਤਮ ਅਡਾਨੀ ਨਾਲ ਕਥਿਤ ਸਬੰਧਾਂ ਦੇ ਮਾਮਲੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ‘ਪ੍ਰਧਾਨ ਮੰਤਰੀ ਨੂੰ ਲੱਗਦਾ ਹੈ ਕਿ ਉਹ ਬਹੁਤ ਤਾਕਤਵਰ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹ ਆਖਰੀ ਵਿਅਕਤੀ ਹੋਣਗੇ ਜਿਨ੍ਹਾਂ ਕੋਲੋਂ ਮੈਂ ਡਰਾਗਾਂ।’ ਉਨ੍ਹਾਂ ਕਿਹਾ ਕਿ ਹਾਲ ਹੀ ‘ਚ ਸੰਸਦ ‘ਚ ਉਸ ਵੱਲੋਂ ਅਡਾਨੀ ਸਮੂਹ ਦੀਆਂ ਕੰਪਨੀਆਂ ਬਾਰੇ ਹਿੰਡਨਬਰਗ ਦੀ ਰਿਪੋਰਟ ਸਬੰਧੀ ਕਈ ਮੁੱਦੇ ਉਠਾਏ ਗਏ ਪਰ ਉਸ ਨੂੰ ਇਸ ਸਬੰਧੀ ਸਬੂਤ ਦੇਣ ਲਈ ਆਖਿਆ ਗਿਆ। ਰਾਹੁਲ ਗਾਂਧੀ ਆਪਣੇ ਵਿਧਾਨ ਸਭਾ ਹਲਕੇ ‘ਚ ਕਾਂਗਰਸ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘ਮੈਂ ਸਪੀਕਰ ਨੂੰ ਲਿਖਤੀ ਰੂਪ ‘ਚ ਹਰ ਨੁਕਤੇ ਬਾਰੇ ਦੱਸਿਆ ਪਰ ਉਨ੍ਹਾਂ ਵੱਲੋਂ ਮੇਰੇ ਸਾਰੇ ਸਬੂਤ ਮਿਟਾ ਦਿੱਤੇ ਗਏ।’ ਵਾਇਨਾਡ ਤੋਂ ਬਾਅਦ ਰਾਹੁਲ ਗਾਂਧੀ ਆਪਣੇ ਵਿਸ਼ੇਸ਼ ਜਹਾਜ਼ ਰਾਹੀਂ ਵਾਰਾਨਸੀ ਪਹੁੰਚੇ ਜਿੱਥੇ ਉਨ੍ਹਾਂ ਦੇ ਜਹਾਜ਼ ਨੂੰ ਏਅਰਪੋਰਟ ‘ਤੇ ਉੱਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।