ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਅਗਵਾਈ ਹੇਠ ਚੱਲ ਰਹੀ ‘ਭਾਰਤ ਜੋੜੋ ਯਾਤਰਾ’ ਖੰਨਾ ਰਾਹੀਂ ਸਨਅਤੀ ਸ਼ਹਿਰ ਲੁਧਿਆਣਾ ਪੁੱਜੀ ਜਿਥੇ ਸਮਰਾਲਾ ਚੌਕ ‘ਤੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਤੇ ਗ਼ਲਤ ਜੀ.ਐੱਸ.ਟੀ. ਨੇ ਲੁਧਿਆਣਾ ਦੀ ਸਨਅਤ ਨੂੰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਬੰਦ ਹੋਣ ਦੀ ਕਗਾਰ ‘ਤੇ ਪਹੁੰਚੀਆਂ ਸਨਅਤਾਂ ਲਈ ਭਾਜਪਾ ਦੀਆਂ ਗ਼ਲਤ ਨੀਤੀਆਂ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸਿਰਫ਼ ਅਰਬਪਤੀਆਂ ਨੂੰ ਹੀ ਅੱਗੇ ਵਧਾ ਰਹੇ ਹਨ ਤੇ ਬਾਕੀ ਸਾਰਾ ਦੇਸ਼ ਪਿੱਛੇ ਜਾ ਰਿਹਾ ਹੈ। ਰਾਹੁਲ ਨੇ ਕਿਹਾ ਕਿ ਜੇਕਰ ਲੁਧਿਆਣਾ ਦੇ ਸਨਅਤਕਾਰਾਂ ਨੂੰ ਸਹੀ ਦਿਸ਼ਾ ਤੇ ਹਾਲਾਤ ਮਿਲਣ ਤਾਂ ਉਹ ਚੀਨ ਨੂੰ ਵੀ ਪਿੱਛੇ ਛੱਡ ਸਕਦੇ ਹਨ। ਜਾਣਕਾਰੀ ਅਨੁਸਾਰ ਇਹ ਯਾਤਰਾ ਲੁਧਿਆਣਾ ‘ਚ ਜੁਗਿਆਣਾ ਤੋਂ ਦਾਖ਼ਲ ਹੋਈ। ਇਸ ਮਗਰੋਂ ਢੰਡਾਰੀ ਖੁਰਦ, ਢਾਬਾ ਚੌਕ, ਸ਼ਿਵ ਚੌਕ ਤੇ ਟਰਾਂਸਪੋਰਟ ਚੌਕ ਹੁੰਦੀ ਹੋਈ ਸਮਰਾਲਾ ਚੌਕ ਪਹੁੰਚੀ। ਰਾਹੁਲ ਗਾਂਧੀ ਨੇ ਕਿਹਾ ਕਿ ਲੋਕ ਲੁਧਿਆਣਾ ਨੂੰ ਮਾਨਚੈਸਟਰ ਆਫ਼ ਇੰਡੀਆ ਦੱਸਦੇ ਹਨ, ਪਰ ਅਸਲ ‘ਚ ਮਾਨਚੈਸਟਰ ਲੁਧਿਆਣਾ ਵਰਗਾ ਹੈ ਤੇ ਲੁਧਿਆਣਾ ਦਾ ਭਵਿੱਖ ਸੁਨਹਿਰਾ ਹੈ। ਆਪਣੀ ਯਾਤਰਾ ਬਾਰੇ ਗੱਲ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ‘ਅਸੀਂ ਨਫ਼ਰਤ ਦੇ ਬਾਜ਼ਾਰ ‘ਚ ਮੁਹੱਬਤ ਦੀ ਦੁਕਾਨ ਖੋਲ੍ਹ ਰਹੇ ਹਾਂ।’ ਉਨ੍ਹਾਂ ਕਿਹਾ ਕਿ ਇਸ ਯਾਤਰਾ ਨਾਲ ਜੁੜੇ ਹੋਏ ਲੋਕ ਇਕ ਦੂਜੇ ਦੀ ਮਦਦ ਕਰਨ ਵੇਲੇ ਉਸ ਦਾ ਧਰਮ ਨਹੀਂ ਪੁੱਛਦੇ। ਇਹ ਅਸਲ ‘ਚ ਇਕ ਦੂਜੇ ਨਾਲ ਜੁੜੇ ਹਨ। ਸਮਰਾਲਾ ਚੌਕ ‘ਚ ਰੈਲੀ ਨੂੰ ਸੰਬੋਧਨ ਕਰਨ ਮਗਰੋਂ ਰਾਹੁਲ ਗਾਂਧੀ ਦਿੱਲੀ ਲਈ ਰਵਾਨਾ ਹੋ ਗਏ। ਲੋਹੜੀ ਵਾਲੇ ਦਿਨ ਸ਼ੁੱਕਰਵਾਰ ਨੂੰ ਯਾਤਰਾ ਦੀ ਛੁੱਟੀ ਰਹੇਗੀ ਤੇ ਉਸ ਤੋਂ ਬਾਅਦ ਸ਼ਨਿੱਚਰਵਾਰ ਨੂੰ ਲਾਡੋਵਾਲ ਤੋਂ ਦੁਬਾਰਾ ਰਾਹੁਲ ਗਾਂਧੀ ਯਾਤਰਾ ਨੂੰ ਅੱਗੇ ਤੋਰਨਗੇ। ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਇਹ ਇਕ ਇਤਿਹਾਸਕ ਯਾਤਰਾ ਹੈ ਤੇ ਹਰ ਇਨਸਾਨ ਨੂੰ ਆਪਣੇ ਸਿਆਸੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਇਸ ਦਾ ਹਿੱਸਾ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦੌਰਾਨ ਰਾਹੁਲ ਗਾਂਧੀ ਸਿਰਫ਼ ਘੁੰਮ ਨਹੀਂ ਰਹੇ, ਸਗੋਂ ਉਹ ਸ਼ਹਿਰਾਂ ਦੇ ਅੰਦਰੂਨੀ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਮਿਲੇ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ। ਇਸ ਯਾਤਰਾ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਧੱਕੇ ਮਾਰਨ ਦਾ ਮਾਮਲਾ ਤੂਲ ਫੜ ਗਿਆ। ਇਕ ਵਿਅਕਤੀ ਵੀਡੀਓ ‘ਚ ਵੜਿੰਗ ਨੂੰ ਧੱਕੇ ਮਾਰਦਾ ਨਜ਼ਰ ਆਉਂਦਾ ਹੈ। ਹੁਣ ਰਾਜਾ ਵੜਿੰਗ ਨੇ ਇਸ ਸਬੰਧੀ ਸਫ਼ਾਈ ਦਿੱਤੀ ਹੈ ਕਿ ਗ੍ਰਹਿ ਮੰਤਰਾਲੇ ਅਧੀਨ ਕੰਮ ਕਰਦੇ ਇਕ ਸੁਰੱਖਿਆ ਕਰਮੀ ਨੇ ਉਨ੍ਹਾਂ ਨਾਲ ਅਜਿਹਾ ਵਿਵਹਾਰ ਕੀਤਾ। ਉਹ ਸਿਰਫ ਇਕ ਕਾਂਗਰਸੀ ਵਰਕਰ ਨੂੰ ਰਾਹੁਲ ਗਾਂਧੀ ਨਾਲ ਮਿਲਾਉਣ ਲਈ ਨੇੜੇ ਲੈ ਕੇ ਜਾ ਰਹੇ ਸਨ ਜਦੋਂ ਪਿੱਛੋਂ ਆ ਕੇ ਇਸ ਵਿਅਕਤੀ ਨੇ ਧੱਕੇ ਮਾਰੇ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ਼ਾਰੇ ‘ਤੇ ਹੋਇਆ ਹੈ।