ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਪਠਾਨਕੋਟ ‘ਚ ਕੀਤੀ ਗਈ ਰੈਲੀ ‘ਚ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖੇ ਸ਼ਬਦੀ ਹਮਲੇ ਬੋਲੇ। ਚੰਨੀ ਨੇ ਜਿੱਥੇ ਰਾਹੁਲ ਗਾਂਧੀ ਨੂੰ ਇਕ ਕ੍ਰਾਂਤੀਕਾਰੀ ਲੀਡਰ ਦੱਸਿਆ, ਉਥੇ ਹੀ ਉਨ੍ਹਾਂ ਨੇ ਭਗਵੰਤ ਮਾਨ ਨੂੰ ਦਿੱਲੀ ਦੇ ਇਸ਼ਾਰੇ ‘ਤੇ ਕੰਮ ਕਰਨ ਵਾਲਾ ਮੁੱਖ ਮੰਤਰੀ ਦੱਸਦਿਆਂ ਭੰਡਿਆ। ਉਨ੍ਹਾਂ ਕਿਹਾ ਕਿ ਸਿਆਸਤ ‘ਚ ਫਿਰਕੂਪੁਣੇ ਦੀ ਕੋਈ ਥਾਂ ਨਹੀਂ ਹੈ। ਰਾਹੁਲ ਗਾਂਧੀ ਇਕ ਨਵੀਂ ਸੋਚ ਲੈ ਕੇ ਆਏ ਹਨ, ਰਾਹੁਲ ਗਾਂਧੀ ਇਕ ਸੰਤ ਰੂਪ ਹਨ, ਜਿਨ੍ਹਾਂ ਦਾ ਅੱਜ ਅਸੀਂ ਸੁਆਗਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਦੀ ਆਜ਼ਾਦੀ ਵਾਸਤੇ ਲੜਾਈ ਲੜੀ ਹੈ ਅਤੇ ਦੇਸ਼ ਨੂੰ ਆਜ਼ਾਦੀ ਲਿਆ ਕੇ ਦਿੱਤੀ। ਕਾਂਗਰਸ ਪਾਰਟੀ ਨੇ ਹੀ ਗ਼ਰੀਬ ਲੋਕਾਂ ਨੂੰ ਰਾਖਵਾਂਕਰਨ ਦਿੱਤਾ। ਕਾਂਗਰਸ ਦੀ ਸੋਚ ਗ਼ਰੀਬਾਂ ਪ੍ਰਤੀ ਸੱਚੀ-ਸੁੱਚੀ ਹੈ। ਗ਼ਰੀਬਾਂ ਨੂੰ ਉੱਪਰ ਚੁੱਕਣ ਵਾਲੀ ਹੈ। ਇਸ ਦੌਰਾਨ ਭਗਵੰਤ ਮਾਨ ਵੱਲੋਂ ਦਿੱਤੇ ਗਏ ਬਿਆਨ ਕਿ ਲੋਕਾਂ ਨੇ ਤਾਂ ਮਹਾਰਾਜੇ ਨੂੰ ਮੁੱਖ ਮੰਤਰੀ ਬਣਾਇਆ ਸੀ ਤਾਂ ਚੰਨੀ ਨੂੰ ਤਾਂ ਰਾਹੁਲ ਗਾਂਧੀ ਨੇ ਬਣਾ ਦਿੱਤਾ, ਦਾ ਠੋਕਵਾਂ ਜਵਾਬ ਦਿੰਦੇ ਹੋਏ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਭਗਵੰਤ ਮਾਨ, ਰਾਹੁਲ ਗਾਂਧੀ ਦੀ ਸੋਚ ਨੂੰ ਵੇਖਣ ਅਤੇ ਆਪਣੀ ਮਾਨਸਿਕਤਾ ਸਥਿਤੀ ਨੂੰ ਵੇਖਣ। ਉਨ੍ਹਾਂ ਕਿਹਾ ਕਿ ਤੁਸੀਂ ਕਿਉਂ ਗ਼ਰੀਬ ਦੇ ਬੱਚੇ ਨੂੰ ਉੱਪਰ ਆਉਂਦਾ ਵੇਖ ਕੇ ਸਵੀਕਾਰ ਨਹੀਂ ਕਰ ਸਕਦੇ। ਸ਼ਾਇਰਾਨਾ ਅੰਦਾਜ਼ ‘ਚ ਉਨ੍ਹਾਂ ਕਿਹਾ ਕਿ ਬੇਹਿੰਮਤੇ ਨੇ ਉਹ ਜਿਹੜੇ ਸ਼ਿੱਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਜਾਂਦੇ ਸੀਨਾ ਪਾੜ ਕੇ ਪੱਥਰਾਂ ਦਾ। ਚੰਨੀ ਨੇ ਕਿਹਾ ਕਿ ਰਾਹੁਲ ਆਪਣੀ ਦ੍ਰਿੜ੍ਹਤਾ ਨਾਲ ਦੇਸ਼ ਨੂੰ ਇਕ ਕਰਨ ਲਈ ਨਿੱਕਲੇ ਹਨ। ਰਾਹੁਲ ਗਾਂਧੀ ਪੱਥਰਾਂ ਦਾ ਸੀਨਾ ਪਾੜ ਕੇ ਇਕ ਦਿਨ ਨਿਕਲਣਗੇ। ਇਸ ਦੌਰਾਨ ਉਨ੍ਹਾਂ ਵੱਲੋਂ ਰਾਹੁਲ ਗਾਂਧੀ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ।