ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਜਲੰਧਰ ਸ਼ਹਿਰ ਦੇ ਖ਼ਾਲਸਾ ਕਾਲਜ ਤੋਂ ਐਤਵਾਰ ਨੂੰ ਮੁੜ ਸ਼ੁਰੂ ਹੋ ਗਈ ਹੈ। ਪਹਿਲਾਂ ਇਹ ਯਾਤਰਾ ਫਗਵਾੜਾ ਦੀ ਪ੍ਰਾਈਵੇਟ ਯੂਨੀਵਰਸਿਟੀ ਤੋਂ ਸਵੇਰੇ 6 ਵਜੇ ਸ਼ੁਰੂ ਹੋਣੀ ਸੀ। ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਜਲੰਧਰ ‘ਚ ਦੁਪਹਿਰ ਨੂੰ ਇਕ ਮਸ਼ਹੂਰ ਧਾਰਮਿਕ ਸਥਾਨ ‘ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਮੱਥਾ ਟੇਕਿਆ। ਇਸ ਤੋਂ ਬਾਅਦ ਉਹ ਸਿੱਧੇ ਯਾਤਰਾ ਲਈ ਰਵਾਨਾ ਹੋ ਗਏ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਕਾਰ ਖਾਲਸਾ ਕਾਲਜ ਪਹੁੰਚੀ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਰਾਹੁਲ ਗਾਂਧੀ ਕੋਲ ਲੈ ਗਏ। ਸਿੱਧੂ ਮੂਸੇਵਾਲਾ ਦੇ ਪਿਤਾ ਵੀ ਭਾਰਤ ਜੋੜੋ ਯਾਤਰਾ ‘ਚ ਸ਼ਾਮਲ ਹੋਏ। ਜ਼ਿਕਰੋਯਗ ਹੈ ਕਿ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਕੱਲ੍ਹ ਭਾਰਤ ਜੋੜੋ ਯਾਤਰਾ ਦੌਰਾਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਜਿਸ ਤੋਂ ਬਾਅਦ 24 ਘੰਟਿਆਂ ਲਈ ਯਾਤਰਾ ਨੂੰ ਰੋਕ ਦਿੱਤਾ ਗਿਆ ਸੀ। ਸੰਸਦ ਮੈਂਬਰ ਦੇ ਅੱਜ ਐਤਵਾਰ ਨੂੰ ਅੰਤਿਮ ਸਸਕਾਰ ਤੋਂ ਬਾਅਦ ਮੁੜ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਚੌਧਰੀ ਦੇ ਅੰਤਿਮ ਸਸਕਾਰ ‘ਚ ਸ਼ਾਮਲ ਹੋਏ। ਰਾਹੁਲ ਗਾਂਧੀ ਨੇ ਅੱਜ ਦੁਪਹਿਰੋਂ ਬਾਅਦ ਸ਼ੀਤਲਾ ਤਲਾਬ ਮੰਦਰ ਵਿਖੇ ਟੇਕਿਆ। ਸ਼ਹਿਰ ਵਿੱਚੋਂ ਲੰਘਦਿਆਂ ਰਾਹੁਲ ਗਾਂਧੀ ਲੋਕਾਂ ਨੂੰ ਹੱਥ ਹਿਲਾ ਕੇ ਉਨ੍ਹਾਂ ਨੂੰ ਸ਼ੁਭ ਇੱਛਾਵਾਂ ਦੇ ਰਹੇ ਸਨ। ਚੌਧਰੀ ਸੰਤੋਖ ਸਿੰਘ ਦੀ ਹੋਈ ਮੌਤ ਤੋਂ ਬਾਅਦ ਯਾਤਰਾ ਵਿੱਚ ਕਿਸੇ ਤਰ੍ਹਾਂ ਦਾ ਕੋਈ ਨਾਅਰਾ ਜਾਂ ਗੀਤ ਨਹੀ ਚੱਲ ਰਿਹਾ ਹੈ ਜਦਕਿ ਪਹਿਲਾਂ ਇਹ ਸਾਰਾ ਕੁਝ ਯਾਤਰਾ ਦਾ ਅਹਿਮ ਹਿੱਸਾ ਬਣੇ ਹੋਏ ਸਨ। ਯਾਤਰਾ ‘ਚ ਪੰਜਾਬ ਕਾਂਗਰਸ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੰਤਰੀ ਪ੍ਰਗਟ ਸਿੰਘ, ਸਾਬਕਾ ਵਿਧਾਇਕ ਸ਼ੁਸ਼ੀਲ ਰਿੰਕੂ, ਵਿਧਾਇਕ ਬਾਵਾ ਹੈਨਰੀ ਵੀ ਸ਼ਾਮਲ ਸਨ। ਇਸ ਤੋਂ ਪਹਿਲਾਂ ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਅੰਤਮ ਸਸਕਾਰ ਪੂਰੇ ਸਰਕਾਰੀ ਸਨਮਾਨ ਨਾਲ ਉਨ੍ਹਾਂ ਦੇ ਜੱਦੀ ਪਿੰਡ ਧਾਲੀਵਾਲ ਵਿਖੇ ਕੀਤਾ ਗਿਆ। ਉਨਾ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਵਿਧਾਇਕ ਵਿਕਰਮਜੀਤ ਸਿੰਘ ਨੇ ਦਿਖਾਈ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ, ਕੌਮੀ ਐੱਸ.ਸੀ. ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ, ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਪਰਗਟ ਸਿੰਘ, ਵਿਧਾਇਕ ਹਰਦੇਵ ਸਿੰਘ ਲਾਡੀ ਮੌਜੂਦ ਸਨ।