ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿੱਚ ‘ਭਾਰਤ ਜੋੜੋ ਯਾਤਰਾ’ ਰਾਜਸਥਾਨ ‘ਚ ਦਾਖਲ ਹੋ ਗਈ ਹੈ। ਕਾਂਗਰਸ ਦੀ ਸੱਤਾ ਵਾਲੇ ਸੂਬੇ ਦੇ ਝਾਲਾਵਾੜ ਸ਼ਹਿਰ ‘ਚ ਰਾਹੁਲ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਤੇ ਰਾਜਸਥਾਨ ਕਾਂਗਰਸ ਦੇ ਮੁਖੀ ਗੋਵਿੰਦ ਸਿੰਘ ਦੋਸਤਾਰਾ ਹਾਜ਼ਰ ਸਨ। ਲੋਕ ਕਲਾਕਾਰਾਂ ਦੀ ਹਾਜ਼ਰੀ ‘ਚ ਰਾਹੁਲ ਗਾਂਧੀ ਨੇ ਮੰਚ ਉਤੇ ਇਨ੍ਹਾਂ ਆਗੂਆਂ ਨਾਲ ਇਕ ਘੇਰੇ ‘ਚ ਹੱਥ ਫੜ ਕੇ ਨ੍ਰਿਤ ਵੀ ਕੀਤਾ। ਇਸ ਤਰ੍ਹਾਂ ਗਹਿਲੋਤ ਤੇ ਪਾਇਲਟ ਦਰਮਿਆਨ ਦੂਰੀਆਂ ਘੱਟ ਕਰਨ ਦੀ ਪੂਰੀ ਯੋਜਨਾਬੱਧ ਕੋਸ਼ਿਸ਼ ਕੀਤੀ ਗਈ। ਸਭਿਆਚਾਰਕ ਕਲਾਕਾਰਾਂ ਨੇ ਮੰਚ ਉਤੇ ‘ਪਧਾਰੋ ਮ੍ਹਾਰੇ ਦੇਸ’ ਗੀਤ ਉਤੇ ਪੇਸ਼ਕਾਰੀ ਵੀ ਦਿੱਤੀ। ਇਸ ਤੋਂ ਪਹਿਲਾਂ ਸਚਿਨ ਪਾਇਲਟ ਨੇ ਰਾਜਸਥਾਨ ਕਾਂਗਰਸ ‘ਚ ਖਿੱਚੋਤਾਣ ਦੇ ਖ਼ਦਸ਼ਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਸੂਬਾ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ ਤੇ ਯਾਤਰਾ ਉਤੇ ਧਿਆਨ ਕੇਂਦਰਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ‘ਚ ਇਹ ਬਾਕੀ ਸੂਬਿਆਂ ਨਾਲੋਂ ਵੱਧ ਕਾਮਯਾਬ ਰਹੇਗੀ। ਪਾਇਲਟ ਨੇ ਇਸ ਮੌਕੇ ਭਾਜਪਾ ‘ਤੇ ਵੀ ਨਿਸ਼ਾਨਾ ਸੇਧਿਆ। ਦਿਨ ‘ਚ ਯਾਤਰਾ ਮੱਧ ਪ੍ਰਦੇਸ਼ ਦੇ ਅਗਰ ਮਾਲਵਾ ਤੋਂ ਸ਼ੁਰੂ ਹੋਈ। ਸੂਬੇ ‘ਚ ਯਾਤਰਾ ਦਾ ਇਹ ਆਖ਼ਰੀ ਦਿਨ ਸੀ। ਉੱਘੇ ਲੋਕ ਗਾਇਕ ਪ੍ਰਹਿਲਾਦ ਟਿਪਨੀਆ ਤੇ ਕਾਂਗਰਸ ਵਿਧਾਇਕ ਜੀਤੂ ਪਟਵਾਰੀ ਸਵੇਰੇ ਯਾਤਰਾ ‘ਚ ਰਾਹੁਲ ਗਾਂਧੀ ਦੇ ਨਾਲ-ਨਾਲ ਚੱਲੇ। ਇਸ ਮੌਕੇ ਛਿੰਦਵਾੜਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਨਕੁਲ ਨਾਥ, ਸਾਬਕਾ ਕੇਂਦਰੀ ਮੰਤਰੀ ਅਰੁਣ ਯਾਦਵ ਤੇ ਕਾਂਗਰਸ ਵਿਧਾਇਕ ਪ੍ਰਿਯਾਵਰਤ ਸਿੰਘ ਵੀ ਹਾਜ਼ਰ ਸਨ। ਸੱਤ ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਯਾਤਰਾ ਦਾ ਇਹ 88ਵਾਂ ਦਿਨ ਸੀ। ਮੱਧ ਪ੍ਰਦੇਸ਼ ਕਾਂਗਰਸ ਦੇ ਮੈਂਬਰਾਂ ਨੇ ਸੂਬੇ ਦੀ ਹੱਦ ਉਤੇ ਰਾਜਸਥਾਨ ਦੇ ਪਾਰਟੀ ਆਗੂਆਂ ਨੂੰ ਤਿਰੰਗਾ ਸੌਂਪਿਆ।